ਰੈਸਟੋਰੈਂਟ ‘ਚ ਜਿਸਮ ਫਰੋਸ਼ੀ ਦਾ ਧੰਦਾ ਕਰਦੇ 5 ਔਰਤਾਂ ਅਤੇ 4 ਆਦਮੀ ਗ੍ਰਿਫ਼ਤਾਰ, ਹੋਟਲ ਮਾਲਕ ਸਣੇ 11 ‘ਤੇ FIR ਦਰਜ


ਬਟਾਲਾ ਰੋਡ ਸਥਿਤ ਇਕ ਰੈਸਟੋਰੈਂਟ ਪੁਲਿਸ ਨੇ ਮੁੱਖਬਰ ਦੀ ਸੂਚਨਾ ਤੇ ਰੇਡ ਕਰਕੇ ਜਿਸਮ ਫਰੋਸ਼ੀ ਦੇ ਇੱਕ ਵੱਡੇ ਅੱਡੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

ਮਾਮਲੇ ਤਹਿਤ ਪੁਲਿਸ ਥਾਣਾ ਸਿਟੀ ਵਿਚ ਮੁਕੱਦਮਾ ਕੁੱਲ 11 ਵਿਅਕਤੀਆਂ ਤੇ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ ਜਦਕਿ ਹੋਟਲ ਮਾਲਕ ਅਤੇ ਇੱਕ ਹੋਰ ਵਿਅਕਤੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਦੱਸੇ ਜਾ ਰਹੇ ਹਨ।
ਥਾਣਾ ਸਿਟੀ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕ ਮੁਖਬਰ ਦੀ ਇਤਲਾਹ ਤੇ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਜਦੋਂ ਇਸ ਰੈਸਟੋਰੈਂਟ ਵਿੱਚ ਰੇਡ ਕੀਤੀ ਤਾਂ ਉੱਥੇ ਔਰਤਾਂ ਅਤੇ ਆਦਮੀ ਅਰਧ ਨਗਨ ਹਾਲਤ ਵਿੱਚ ਮਿਲੇ। ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਤੇ ਫੜ੍ਹੀਆਂ ਗਈਆਂ ਔਰਤਾਂ ਨੂੰ ਥਾਣਾ ਸਿਟੀ ਲਿਆਂਦਾ ਗਿਆ ਜੋ ਗਿਣਤੀ ਵਿੱਚ ਕੁੱਲ ਪੰਜ ਸਨ, ਜਦ ਕਿ ਮੌਕੇ ਤੋਂ ਚਾਰ ਵਿਅਕਤੀ ਵੀ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਇਨ੍ਹਾਂ ਔਰਤਾਂ ਨਾਲ ਇਤਰਾਜ਼ਯੋਗ ਹਾਲਤ ਵਿੱਚ ਸਨ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਦਾ ਮਾਲਕ ਅਤੇ ਉਸ ਦਾ ਇਕ ਸਾਥੀ ਮੌਕੇ ਤੋਂ ਪੁਲਿਸ ਤੋਂ ਨਜ਼ਰ ਬਚਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਨ੍ਹਾਂ ਦੋਨਾਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ।
