ਲਤੀਫਪੁਰਾ ਵਿੱਚ ਹਕੂਮਤ ਵੱਲੋਂ ਕੀਤੇ ਉਜਾੜੇ ਨਾਲ ਲੋਕਾਂ ਨੂੰ ਘਰੋਂ ਬੇਘਰ ਕਰ ਦੇਣ ਦੀ ਦਿਲ ਕੰਬਾਊ ਘਟਨਾ ਆਜ਼ਾਦੀ ਤੋਂ ਬਾਅਦ ਸ਼ਾਇਦ ਹੀ ਪੰਜਾਬ ਵਰਗੇ ਸੂਬੇ ਵਿੱਚ ਪਹਿਲਾਂ ਕਦੇਂ ਵਾਪਰੀ ਹੋਵੇ। ਹੁਣ ਜਦੋਂ ਲਤੀਫਪੁਰਾ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਤਾਂ ਉਸ ਵਿੱਚ ਸ਼ਾਮਲ ਹੋਏ ਛੋਟੇ ਬੱਚਿਆਂ ਦੀਆਂ ਪੀੜਤ ਮਾਵਾਂ ਨੇ ਕਿਹਾ ਉਨ੍ਹਾਂ ਦੀਆਂ ਪੋਹ ਦੀਆਂ ਰਾਤਾਂ ਵੀ ਠੰਢੇ ਬੁਰਜ ਵਾਂਗ ਹੀ ਲੰਘੀਆਂ ਹਨ।
ਉਨ੍ਹਾਂ ਆਪਣੇ ਦੁੱਧ ਚੁੰਘਦੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਛੋਟੇ ਸਾਹਿਬਜ਼ਾਦਿਆਂ ਦੇ ਸਿਦਕ ਅਤੇ ਦਲੇਰੀ ਭਰੀਆਂ ਇਤਿਹਾਸਕ ਘਟਨਾਵਾਂ ਨੂੰ ਜਦੋਂ ਸੁਣਿਆ ਤਾਂ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ।
ਸ਼ਰਨਜੀਤ ਕੌਰ ਨੇ ਆਪਣੀ ਚਾਰ-ਪੰਜ ਮਹੀਨਿਆਂ ਦੀ ਬੱਚੀ ਪ੍ਰਭਜੋਤ ਕੌਰ ਨੂੰ ਖੁੱਲ੍ਹੇ ਆਸਮਾਨ ਹੇਠਾਂ ਤਾਰਿਆਂ ਦੀ ਛਾਵੇਂ 20ਵੀਂ ਰਾਤ ਕੱਟੀ। ‘ਭਾਵੇਂ ਸਾਡੇ ਕੋਲ ਤੰਬੂ ਹੈ, ਪਰ ਉਸ ਨੂੰ ਘਰ ਤਾਂ ਨਹੀਂ ਕਿਹਾ ਜਾ ਸਕਦਾ।’ ਸੰਮਨਜੀਤ ਕੌਰ ਨੇ ਛੇ ਸਾਲਾਂ ਦੀ ਧੀ ਰੂਹੀਜੀਤ ਕੌਰ ਨਾਲ ਆਪਣੀ ਰੂਹ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਬੱਚਿਆਂ ਦਾ ਹੌਸਲਾ ਵਧਾਇਆ ਹੈ। ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੂਰਪ੍ਰੀਤ ਸਿੰਘ ਦੀ ਉਮਰ ਅਜੇ ਬਹੁਤ ਛੋਟੀ ਹੈ। ਉਸ ਨੂੰ ਗੋਦ ਵਿੱਚ ਬਿਠਾ ਕੇ ਹੀ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸੁਣਿਆ ਹੈ ਤੇ ਇਸ ਦਾ ਅਸਰ ਉਹ ਵੀ ਜ਼ਰੂਰ ਕਾਬੂਲੇਗਾ। ਪਰਮਜੀਤ ਕੌਰ ਦੀ ਸੱਤ ਸਾਲਾ ਧੀ ਕੋਮਲਪ੍ਰੀਤ ਵੀ ਆਪਣੇ ਘਰ ਨੂੰ ਲੱਭਦੀ ਰਹਿੰਦੀ ਹੈ। ਇਨ੍ਹਾਂ ਮਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਇਹ ਜਨਮ ਭੋਇੰ ਸੀ। ਇਨ੍ਹਾਂ ਘਰਾਂ ਵਿੱਚ ਹੀ ਬੱਚਿਆਂ ਨੇ ਜਨਮ ਲਿਆ ਸੀ।
ਸਵਾ ਦੋ ਸਾਲ ਦੀ ਸੁਖਪ੍ਰੀਤ ਕੌਰ ਦੀ ਮਾਂ ਮਨਪ੍ਰੀਤ ਕੌਰ ਬਾਜਵਾ ਦਾ ਕਹਿਣਾ ਸੀ ਕਿ ਠੰਢੇ ਬੁਰਜ ਦੀ ਤਾਸੀਰ ਏਨੀ ਗਰਮ ਹੈ ਕਿ ਸਮੇਂ ਦੀ ਹਕੂਮਤ ਨੂੰ ਗੋਡੇ ਟੇਕਣੇ ਪੈਣਗੇ। ਇਨ੍ਹਾਂ ਬੱਚਿਆਂ ਦੀਆਂ ਮਾਵਾਂ ਦਾ ਇਹ ਪ੍ਰਣ ਹੈ ਕਿ ਉਹ ਆਪਣੇ ਘਰਾਂ ਲਈ ਆਖਰੀ ਦਮ ਤੱਕ ਲੜਨਗੀਆਂ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਪੰਜਾਬ ਨੂੰ ਹਕੂਮਤਾਂ ਨਾਲ ਟੱਕਰ ਲੈਣਾ ਸਿਖਾ ਦਿੱਤਾ ਹੈ। ਲਤੀਫਪੁਰਾ ਮੋਰਚੇ ਦੀ ਲੜਾਈ ਲੜ ਰਹੇ ਕਸ਼ਮੀਰ ਸਿੰਘ ਘੁਗਸ਼ੋਰ ਤੇ ਤਰਸੇਮ ਸਿੰਘ ਵਿੱਕੀ ਜੈਨਪੁਰੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਦਾ ਜਜ਼ਬਾ ਹੀ ਹੈ ਕਿ ਪੰਜਾਬ ਸੰਘਰਸ਼ ਦੇ ਰਾਹ ‘ਤੇ ਤੁਰ ਰਿਹਾ ਹੈ।