
ਸੱਤਾ ਹਥਿਆਉਣ ਲਈ ਜਿਹੜੇ ਨੇਤਾ ਜੀ ਹਮੇਸ਼ਾ ਸੁਰੱਖਿਆ ਛੱਤਰੀ ਹੇਠਾਂ ਨਜ਼ਰ ਆਉਂਦੇ ਸਨ, ਅੱਜ ਜਨਤਾ ’ਚ ਹੱਥ ਜੋੜੀ ਨਜ਼ਰ ਆਉਂਦੇ ਹਨ। ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਜ਼ੈਡ ਸੁਰੱਖਿਆ ’ਚ ਰਹਿਣ ਵਾਲੇ ‘ਨੇਤਾ ’ ਸਿੱਧਾ ਸੜਕਾਂ ’ਤੇ ਆ ਉੱਤਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ‘ਪੰਜਾਬ ਬਚਾਓ ਯਾਤਰਾ’ ਦੇ ਨਾਅਰੇ ਹੇਠ ਸੂਬੇ ਭਰ ਵਿਚ ਸ਼ੁਰੂ ਕੀਤੀ ਯਾਤਰਾ ’ਚ ਵੀ ਅਜਿਹਾ ਹੀ ਵੱਖਰਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਸ ਯਾਤਰਾ ਵਿਚ ਚਾਹੇ ਸਖਤ ਸੁਰੱਖਿਆ ਪ੍ਰਬੰਧ ਹੁੰਦੇ ਹਨ ਪਰ ਸੁਖਬੀਰ ਬਾਦਲ ਲੋਕਾਂ ਨਾਲ ਨੇੜਤਾ ਕਾਇਮ ਕਰਨ ਲਈ ਸੁਰੱਖਿਆ ਛੱਤਰੀ ਨੂੰ ਅੜਿੱਕਾ ਨਹੀਂ ਬਨਣ ਦਿੰਦੇ। ਇਹੀ ਨਹੀਂ ਉਹ ਖੁੱਲ੍ਹੀ ਗੱਡੀ ’ਤੇ ਸਵਾਰ ਹੋ ਕੇ ਲੋਕਾਂ ਵਿਚ ਲੰਘਦੇ ਹਨ ਤਾਂ ਉਨ੍ਹਾਂ ਨੂੰ ਹਰ ਆਮ ਵਿਅਕਤੀ ਮਿਲ ਸਕਦਾ ਹੈ। ਇਸ ਦੇ ਲਈ ਤਮਾਮ ਰੋਕਾਂ ਨੂੰ ਖਤਮ ਕੀਤਾ ਗਿਆ ਹੈ। ਚੋਣਾਂ ਦੇ ਰੰਗ ਵਿਚ ਰੰਗੇ ਸੁਖਬੀਰ ਬਾਦਲ ਵੀ ਵੋਟਰਾਂ ਦਾ ਦਿਲ ਜਿੱਤਣ ਲਈ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੰਦੇ। ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਫੋਟੋ ਖਿਚਵਾਉਣ ਵਾਲਿਆਂ ਦਾ ਵੀ ਤਾਂਤਾ ਲੱਗ ਜਾਂਦਾ ਹੈ। ਇਕੋ ਦਿਨ ਸੈਂਕੜੇ ਫੋਟੋਆਂ ਖਿਚਵਾਉਂਦੇ ਸੁਖਬੀਰ ਬਾਦਲ ਵੀ ਅੱਕਦੇ ਨਹੀਂ ਬਲਕਿ ਮੁਸਕਰਾਉਂਦੇ ਹੋਏ ਵੋਟਰਾਂ ਨਾਲ ਧੜਾਧੜ ਫੋਟੋ ਖਿਚਵਾ ਰਹੇ ਹਨ। ਇਥੇ ਹੀ ਬਸ ਨਹੀਂ ਵੋਟਰਾਂ ਨਾਲ ਯਾਤਰਾ ਵਿਚ ਫੋਟੋ ਸੈਸ਼ਨ ਦੌਰਾਨ ਉਹ ਲੋਕਾਂ ਦਾ ਦਿਲ ਜਿੱਤਣ ਲਈ ਵੀ ਕੋਈ ਕਸਰ ਨਹੀਂ ਛੱਡ ਰਹੇ। ਬਹੁਤੀਆਂ ਥਾਵਾਂ ’ਤੇ ਸੁਖਬੀਰ ਬਾਦਲ ਖੁਦ ਵੋਟਰਾਂ ਦਾ ਮੋਬਾਈਲ ਫੋਨ ਫੜ ਕੇ ਉਨ੍ਹਾਂ ਨਾਲ ਸੈਲਫੀ ਲੈਂਦੇ ਨਜ਼ਰ ਆਉਂਦੇ ਹਨ।