
ਜਲੰਧਰ ਨਗਰ ਨਿਗਮ ਚੋਣਾਂ ਲਈ ਸ਼ਹਿਰ ਦੀ ਨਵੀਂ ਵਾਰਡਬੰਦੀ ਦੇ ਡਰਾਫਟ ‘ਤੇ ਆਖਰੀ ਦਿਨ 64 ਇਤਰਾਜ਼ ਦਰਜ ਕੀਤੇ ਗਏ ਹਨ। 7 ਦਿਨਾਂ ‘ਚ ਕੁੱਲ 119 ਇਤਰਾਜ਼ ਆਏ ਹਨ। ਭਾਜਪਾ ਤੇ ਕਾਂਗਰਸ ਨੇ ਇਤਰਾਜ਼ਾਂ ਲਈ ਦਿੱਤੀ ਗਈ 7 ਦਿਨਾਂ ਦੀ ਆਖਰੀ ਤਰੀਕ ‘ਤੇ ਵੱਡੀ ਗਿਣਤੀ ‘ਚ ਇਤਰਾਜ਼ ਦਾਖ਼ਲ ਕੀਤੇ ਹਨ। ਸੋ੍ਮਣੀ ਅਕਾਲੀ ਦਲ ਨੇ ਪਾਰਟੀ ਪੱਧਰ ‘ਤੇ ਕੋਈ ਇਤਰਾਜ਼ ਨਹੀਂ ਦਰਜ ਕਰਵਾਇਆ ਪਰ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਰੇਰੂ ਨੇ ਆਪਣੇ ਵਾਰਡ ਦੇ ਖੇਤਰ ਸਬੰਧੀ ਇਤਰਾਜ਼ ਜ਼ਰੂਰ ਦਿੱਤਾ ਹੈ। ਹੁਣ ਨਗਰ ਨਿਗਮ ਦੀ ਟੀਮ ਇਨ੍ਹਾਂ ਇਤਰਾਜ਼ਾਂ ‘ਤੇ ਕੰਮ ਕਰੇਗੀ ਤੇ ਜਾਂਚ ਕਰੇਗੀ ਕਿ ਇਨ੍ਹਾਂ ਇਤਰਾਜ਼ਾਂ ‘ਚ ਕਿਸ ਹਿਸਾਬ ਨਾਲ ਬਦਲਾਅ ਹੋ ਸਕਦਾ ਹੈ। ਇਸ ਸਬੰਧੀ ਰਿਪੋਰਟ ਤਿਆਰ ਕਰ ਕੇ ਲੋਕਲ ਬਾਡੀ ਵਿਭਾਗ ਚੰਡੀਗੜ੍ਹ ਨੂੰ ਭੇਜੀ ਜਾਵੇਗੀ। ਦੂਜੇ ਪਾਸੇ ਭਾਜਪਾ ਤੇ ਕਾਂਗਰਸ ਨੇ ਬੀਤੇ ਦਿਨ ਵੱਡੇ ਪੱਧਰ ‘ਤੇ ਇਤਰਾਜ਼ ਦਰਜ ਕਰਵਾਏ ਹਨ ਪਰ ਇਸ ਦੇ ਨਾਲ ਹੀ ਵਾਰਡਬੰਦੀ ਦੇ ਡਰਾਫਟ ਨੂੰ ਲੈ ਕੇ ਹਾਈਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਦੋਵਾਂ ਸਿਆਸੀ ਪਾਰਟੀਆਂ ਨੇ ਇਸ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਤੇ 2-3 ਦਿਨਾਂ ‘ਚ ਪਟੀਸ਼ਨ ਦਾਇਰ ਕਰ ਦਿੱਤੀ ਜਾਵੇਗੀ। ਭਾਜਪਾ ਨੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ‘ਤੇ ਇਤਰਾਜ਼ ਜਤਾਉਂਦੇ ਹੋਏ ਕਈ ਮੁੱਦੇ ਉਠਾਏ ਤੇ ਕਿਹਾ ਕਿ ਜੇਕਰ ਇਨ੍ਹਾਂ ਮੁੱਦਿਆਂ ਦੇ ਮੁਤਾਬਕ ਵਾਰਡਬੰਦੀ ਨੂੰ ਨਾ ਬਦਲਿਆ ਗਿਆ ਤਾਂ ਅਦਾਲਤ ਜਾਣ ਦਾ ਰਾਹ ਖੁੱਲ੍ਹਾ ਹੈ।