ਤਾਜ਼ਾ ਮਾਮਲਾ ਪਾਣੀਪਤ ਦੇ ਸੈਕਟਰ 13/17 ਦਾ ਹੈ। ਜਿੱਥੇ ਠੱਗਾਂ ਨੇ ਸਾਬਕਾ ਮੰਤਰੀ ਵਿਜੇਂਦਰ ਉਰਫ ਬਿੱਲੂ ਦੀ ਸੱਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਕੈਨੇਡਾ ਬੈਠੇ ਠੱਗ ਨੇ ਔਰਤ ਨੂੰ ਆਪਣਾ ਭਤੀਜਾ ਦੱਸ ਕੇ ਫੋਨ ਕੀਤਾ ਤੇ ਆਪਰੇਸ਼ਨ ਕਰਵਾਉਣ ਤੇ ਵੀਜ਼ਾ ਠੀਕ ਕਰਵਾਉਣ ਲਈ ਇਕ ਤੋਂ ਬਾਅਦ ਇਕ 15 ਲੱਖ ਰੁਪਏ ਟਰਾਂਸਫਰ ਕਰਵਾ ਲਏ।
ਸੇਵਾਮੁਕਤ ਜੇ.ਬੀ.ਟੀ ਟੀਚਰ ਬਜ਼ੁਰਗ ਔਰਤ ਠੱਗ ਦੀਆਂ ਗੱਲਾਂ ਵਿਚ ਆ ਗਈ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਉਧਾਰ ਲੈ ਕੇ ਸ਼ਾਤਰ ਠੱਗ ਦੇ ਖਾਤੇ ਵਿਚ ਭੇਜ ਬੈਠੀ।
ਧੋਖਾਧੜੀ ਬਾਰੇ ਔਰਤ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦੇ ਜਾਣਕਾਰ ਨੇ ਕੈਨੇਡਾ ਤੋਂ ਫੋਨ ਕਰਕੇ ਦੱਸਿਆ ਕਿ ਉਸ ਨੇ ਕਿਸੇ ਪੈਸੇ ਦੀ ਮੰਗ ਨਹੀਂ ਕੀਤੀ। ਇਸ ਤੋਂ ਬਾਅਦ ਹੁਣ ਔਰਤ ਦੇ ਜਾਣਕਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੂਜੇ ਪਾਸੇ ਔਰਤ ਹੁਣ ਥਾਣੇ ਦੇ ਗੇੜੇ ਮਾਰ ਰਹੀ ਹੈ। ਔਰਤ ਦਾ ਪਤੀ ਅਤੇ ਪੁੱਤਰ ਇਸ ਦੁਨੀਆ ‘ਚ ਨਹੀਂ ਹਨ, ਉਨ੍ਹਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਪਾਣੀਪਤ ਵਿਚ ਸਾਈਬਰ ਧੋਖਾਧੜੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪਾਣੀਪਤ ‘ਚ ਆਏ ਦਿਨ ਹੀ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਪੁਲਿਸ ਇਨ੍ਹਾਂ ਸ਼ਾਤਰ ਠੱਗਾਂ ਤੱਕ ਪਹੁੰਚ ਨਹੀਂ ਕਰ ਰਹੀ ਹੈ।