ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਫਿਰ ਖੂਬ ਹੰਗਾਮਾ ਹੋਇਆ। ਸੀਐਮ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਹੋਈ। ਸੀਐਮ ਮਾਨ ਨੇ ਸਪੀਕਰ ਨੂੰ ਤਾਲਾ ਭੇਟ ਕਰਦਿਆਂ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ। ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਦੇ ਗੇਟ ਨੂੰ ਤਾਲਾ ਲਾਉਣ ਦੀ ਗੱਲ ਕਹੀ। ਇਸ ਉਪਰ ਪ੍ਰਤਾਪ ਬਾਜਵਾ ਦੀ ਸੀਐਮ ਮਾਨ ਨਾਲ ਬਹਿਸ ਹੋ ਗਈ।
ਸੀਐਮ ਮਾਨ ਨੇ ਕਿਹਾ ਕਿ ਮੇਰਾ ਸੱਚ ਬੋਲਣਾ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ। ਉਨ੍ਹਾਂ ਨੇ ਕਿਹਾ ਕਿ ਤਾਲਾ ਬਾਹਰੋਂ ਨਹੀਂ ਅੰਦਰੋਂ ਲਾਏ ਜਾਣਗੇ ਤਾਂ ਜੋ ਵਿਰੋਧੀ ਧਿਰ ਅੰਦਰ ਹੀ ਬੈਠੀ ਰਹੇ। ਇਸ ਉਪਰ ਪ੍ਰਤਾਪ ਬਾਜਵਾ ਤਲਖ ਹੋਏ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ ਇਹ ਤੂੰ-ਤੂੰ ਕੀ ਹੁੰਦਾ ਹੈ। ਤੁਸੀ ਹਰੇਕ ਨਾਲ ਤੂੰ-ਤੂੰ ਕਰਕੇ ਗੱਲ ਕਰਦੇ ਹੋ।
ਸੀਐਮ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਕਿਹਾ ਕਿ ਪੰਜਾਬ ਵਿੱਚ 13-0 ਦੇ ਹਾਲਾਤ ਬਣਨਗੇ। ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ, ਉਹ ਤੁਹਾਡੇ ਅੰਦਰਲੀ ਹਉਮੈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 70 ਫੀਸਦੀ ਕਾਂਗਰਸੀ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰੇ ਆਗੂਆਂ ਦੀਆਂ ਫਾਈਲਾਂ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ ‘ਤੇ ਬਹਿਸ ਹੋ ਰਹੀ ਹੈ। ਅੱਜ ਜਿਵੇਂ ਹੀ ਸੀਐਮ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਪੀਕਰ ਨੂੰ ਤਾਲਾ ਤੇ ਚਾਬੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸੱਚ ਬੋਲਾਂਗਾ ਤੇ ਵਿਰੋਧੀ ਭੱਜ ਜਾਣਗੇ। ਇਸ ਸਬੰਧੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਰੋਸ ਪ੍ਰਗਟਾਇਆ।