ਜਬਲਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੈਟਰੋ ਬੱਸ ਚਲਾ ਰਹੇ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਜੋ ਵੀ ਸਾਹਮਣੇ ਆਇਆ, ਉਸ ਨੂੰ ਰੌਂਦਦਾ ਗਿਆ। ਇਸ ਦੌਰਾਨ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀ ਹੋਏ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੋ ਬੱਚਿਆਂ ਸਣੇ ਤਿੰਨ ਲੋਕ ਜ਼ਖਮੀ ਹੋਏ ਹਨ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 50 ਦੇ ਕਰੀਬ ਸਵਾਰੀਆਂ ਸਨ।
ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਇਹ ਘਟਨਾ ਥਾਣਾ ਕੋਤਵਾਲੀ ਦੇ ਇਲਾਕੇ ਦੀ ਹੈ। ਪੁਲਿਸ ਨੇ ਦੱਸਿਆ ਕਿ ਬੱਸ ਆਧਾਰਤਾਲ ਤੋਂ ਰਾਨੀਤਾਲ ਲਈ ਰਵਾਨਾ ਹੋਈ ਸੀ। ਜਿਵੇਂ ਹੀ ਬੱਸ ਦਮੋਹ ਨਾਕਾ ਦੇ ਕੋਲ ਪਹੁੰਚੀ ਤਾਂ ਇਹ ਹਾਦਸਾ ਹੋ ਗਿਆ। ਪੁਲਿਸ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਦੇ ਹੀ ਪਹੁੰਚੇ ਸਨ ਪਰ ਸਾਨੂੰ ਡਰਾਈਵਰ ਮ੍ਰਿਤ ਹਾਲਤ ਵਿੱਚ ਮਿਲਿਆ। ਇਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਦੂਜੇ ਪਾਸੇ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬੱਸ ਕਈ ਲੋਕਾਂ ਨੂੰ ਰੌਂਦਦੇ ਹੋਏ ਅੱਗੇ ਵਧ ਰਹੀ ਹੈ। ਖੁਸ਼ਕਿਸਮਤੀ ਇਹ ਰਹੀ ਕਿ ਅੱਗੇ ਫੁੱਟਪਾਥ ਨਾਲ ਟਕਰਾ ਕੇ ਬੱਸ ਰੁਕ ਜਾਂਦੀ ਹੈ।
ਲੋਕਾਂ ਨੂੰ ਪਹਿਲਾਂ ਤਾਂਲੱਗਾ ਕਿ ਬੱਸ ਡਰਾਈਵਰ ਨਸ਼ੇ ਵਿੱਚ ਹੈ, ਪਰ ਜਦੋਂ ਲੋਕਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਵੇਖਿਆ ਤਾਂ ਹੈਰਾਨ ਹੋ ਗਏ। ਮੈਟਰੋ ਬੱਸ ਦੇ ਡਰਾਈਵਰ ਨੂੰ ਲੋਕਾਂ ਨੇ ਕਾਹਲੀ-ਕਾਹਲੀ ਵਿੱਚ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਡਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਇੱਕ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਸੀ। ਊਨਾ ਜ਼ਿਲ੍ਹੇ ਦੇ ਪਿੰਡ ਬਧਰ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਸ ‘ਚ ਕਰੀਬ 11 ਲੋਕ ਜ਼ਖਮੀ ਹੋ ਗਏ।