ਸਕੂਲ ਦੇ ਹੋਸਟਲ ‘ਚ ਲੱਗੀ ਭਿਆਨਕ ਅੱਗ, 20 ਬੱਚਿਆਂ ਦੀ ਮੌਤ, ਕਈ ਜ਼ਖਮੀ
ਦੱਖਣੀ ਅਮਰੀਕਾ ਦੇ ਗੁਆਨਾ ਤੋਂ ਵੱਡੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਅਮਰੀਕੀ ਦੇਸ਼ ਗੁਆਨਾ ‘ਚ ਸੋਮਵਾਰ ਸਵੇਰੇ ਇਕ ਸਕੂਲ ਦੇ ਹੋਸਟਲ ‘ਚ ਅੱਗ ਲੱਗ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ 20 ਬੱਚਿਆਂ ਦੀ ਮੌਤ ਹੋ ਗਈ ਹੈ। ਦਰਜਨਾਂ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ।
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਅਤੇ ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਕ ਜਿਸ ਸਕੂਲ ‘ਚ ਅੱਗ ਲੱਗੀ ਹੈ, ਉਸ ਦਾ ਹੋਸਟਲ ਮੱਧ ਗੁਆਨਾ ਦੇ ਮਾਹਦੀਆ ਸ਼ਹਿਰ ‘ਚ ਸਥਿਤ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸਥਾਨਕ ਮੀਡੀਆ ਮੁਤਾਬਕ ਹੁਣ ਤੱਕ 20 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਸਾਰੇ ਬੱਚੇ ਸ਼ਾਮਲ ਦੱਸੇ ਜਾ ਰਹੇ ਹਨ। ਅੱਗ ਲੱਗਣ ਕਾਰਨ ਇਹ ਬੱਚੇ ਹੋਸਟਲ ਵਿੱਚ ਹੀ ਫਸ ਗਏ ਸਨ। ਅੱਗ ਐਤਵਾਰ ਅੱਧੀ ਰਾਤ ਨੂੰ ਲੱਗੀ, ਜਦੋਂ ਜ਼ਿਆਦਾਤਰ ਬੱਚੇ ਸੌਂ ਰਹੇ ਸਨ।