
ਲੁਧਿਆਣਾ ‘ਚ ਵੱਡੀ ਵਾਰਦਾਤ ਹੋਈ ਹੈ। ਇੱਥੇ ਸੋਮਵਾਰ ਦੇਰ ਰਾਤ ਇੱਕ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਰਿੰਦਰ ਸਿੰਘ (42) ਵਜੋਂ ਹੋਈ ਹੈ। ਇਹ ਕਤਲ ਦੋ ਬਾਈਕ ਸਵਾਰਾਂ ਨੇ ਕੀਤਾ ਹੈ। ਇਸ ਵਾਰਦਾਤ ਮਗਰੋਂ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਬਰਿੰਦਰ ਆਪਣੇ ਨੌਕਰ ਨਾਲ ਫਾਰਮ ਹਾਊਸ ਠਾਕੁਰ ਕਲੋਨੀ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਉਸ ਨੂੰ ਦੋ ਬਾਈਕ ਸਵਾਰਾਂ ਨੇ ਘੇਰ ਲਿਆ। ਗਾਲੀ-ਗਲੋਚ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਗਈ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਹਮਲੇ ਤੋਂ ਬਾਅਦ ਉਹ ਫਰਾਰ ਹੋ ਗਏ। ਜ਼ਖਮੀ ਨੌਕਰ ਨੇ ਰੌਲਾ ਪਾਇਆ ਤੇ ਮੌਕੇ ‘ਤੇ ਲੋਕ ਇਕੱਠੇ ਹੋ ਗਏ। ਜ਼ਖ਼ਮੀ ਬਰਿੰਦਰ ਸਿੰਘ ਨੂੰ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।