
ਮਾਨਸਾ ਵਿਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ ਹੈ। ਗੋਲੀ ਲੱਗਣ ਨਾਲ 6 ਸਾਲਾ ਬੱਚੇ ਦੀ ਮੌਤ ਹੋ ਗਈ।ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਪਿਤਾ ਤੇ ਭੈਣ ਦਾ ਹੱਥ ਫੜ੍ਹ ਕੇ ਚੱਲ ਰਹੇ 6 ਸਾਲ ਦੇ ਬੱਚੇ ਨੂੰ ਦੋ ਬੁਲੇਟ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ। ਇਹ ਗੋਲੀਆਂ ਪਿਤਾ ਲਈ ਸੀ ਪਰ ਨਿਸ਼ਾਨਾ 6 ਸਾਲ ਦਾ ਛੋਟਾ ਬੱਚਾ ਬਣ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬੱਚੇ ਦੀ ਮੌਤ ਹੋ ਚੁੱਕੀ ਸੀ।
ਘਟਨਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਦੀ ਹੈ। ਪਿਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 6 ਸਾਲ ਦੇ ਬੇਟੇ ਉਦੇਵੀਰ ਤੇ ਬੇਟੀ ਨਾਲ ਪਿੰਡ ਦੀ ਸੜਕ ‘ਤੇ ਜਾ ਰਹੇ ਸਨ। ਉਦੋਂ ਹੀ ਬੁਲੇਟ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ। ਬਾਈਕ ‘ਤੇ ਸਵਾਰ ਇਕ ਨੌਜਵਾਨ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਤਾਂ ਬਚ ਗਏ ਪਰ ਗੋਲੀਆਂ ਉਨ੍ਹਾਂ ਦੇ 6 ਸਾਲ ਦੇ ਪੁੱਤਰ ਨੂੰ ਲੱਗੀ। ਘਟਨਾ ਵਾਲੀ ਥਾਂ ‘ਤੇ ਹੀ ਉਸ ਦੀ ਮੌਤ ਹੋ ਗਈ।

ਘਟਨਾ ਦੇ ਬਾਅਦ ਪਿਤਾ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।