
ਇੱਕ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਦੋਸ਼ ਲਾਇਆ ਹੈ ਕਿ ਇੱਥੋਂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਉਸ ਨੂੰ ਆਪਣੀ ਕਮੀਜ਼ ਉਤਾਰਨ ਲਈ ਕਿਹਾ ਗਿਆ। ਉਸ ਨੇ ਸਵਾਲ ਕੀਤਾ ਕਿ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਕੀ ਲੋੜ ਸੀ। ਇਸ ਮਾਮਲੇ ਤੋਂ ਹਵਾਈ ਅੱਡਾ ਅਥਾਰਿਟੀ ਨੇ ਦੂਰੀ ਬਣਾਈ ਲਈ ਹੈ ਅਤੇ ਕਿਹਾ ਕਿ ਉਹ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਇਹ ਮਾਮਲਾ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਨਾਲ ਸਬੰਧਤ ਹੈ।ਮਹਿਲਾ ਨੇ ਕਿਹਾ, ‘ਬੰਗਲੂਰੂ ਹਵਾਈ ਅੱਡੇ ‘ਤੇ ਸੁਰੱਖਿਆ ਚੈਕਿੰਗ ਦੌਰਾਨ ਮੈਨੂੰ ਕਮੀਜ਼ ਉਤਾਰਨ ਲਈ ਕਿਹਾ ਗਿਆ। ਸੁਰੱਖਿਆ ਜਾਂਚ ਚੌਕੀ ‘ਤੇ ਸਿਰਫ਼ ਅੰਦਰੂਨੀ ਕੱਪੜਿਆਂ ਨਾਲ ਖੜ੍ਹੇ ਹੋਣਾ ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾਣਾ ਸ਼ਰਮਨਾਕ ਸੀ, ਜੋ ਇੱਕ ਔਰਤ ਹੋਣ ਕਾਰਨ ਤੁਸੀਂ ਕਦੀ ਨਹੀਂ ਚਾਹੋਗੇ।’ ਉਸ ਨੇ ਟਵੀਟ ਕੀਤਾ, ‘ਬੀਐੱਲ ਹਵਾਈ ਅੱਡਾ ਅਥਾਰਿਟੀ, ਤੁਸੀਂ ਕਿਉਂ ਚਾਹੁੰਦੇ ਹੋ ਕਿ ਇੱਕ ਮਹਿਲਾ ਆਪਣੇ ਕੱਪੜੇ ਉਤਾਰੇ?’ ਇਸ ਮਗਰੋਂ ਮਗਰੋਂ ਉਸ ਨੇ ਆਪਣਾ ਖਾਤਾ ਬੰਦ ਕਰ ਦਿੱਤਾ।
ਦੂਜੇ ਪਾਸੇ ਹਵਾਈ ਅੱਡਾ ਅਥਾਰਿਟੀ ਨੇ ਖੁਦ ਨੂੰ ਇਸ ਘਟਨਾ ਤੋਂ ਵੱਖ ਕਰ ਲਿਆ ਹੈ। ਹਵਾਈ ਅੱਡੇ ਦੀ ਸੰਚਾਰ ਟੀਮ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਹ ਮਾਮਲਾ ਸੀਆਈਐੱਸਐੱਫ ਨਾਲ ਸਬੰਧਤ ਹੈ।