
28 ਸਤੰਬਰ ਨੂੰ ਪਰੋਮੋ ਰਨ, ਸਾਈਕਲ ਰੈਲੀ, ਹਾਕੀ ਮੈਚ ਸਮੇਤ ਕਰਵਾਈਆਂ ਜਾਣਗੀਆਂ ਵੱਖ-ਵੱਖ ਸਰਗਰਮੀਆਂ
ਡਿਪਟੀ ਕਮਿਸ਼ਨਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਜਲੰਧਰ, ਐਚ ਐਸ ਚਾਵਲਾ।
ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਸਮਰਪਿਤ ਵਨ ਰੇਸ ਹਾਫ ਮੈਰਾਥੋਨ ਦੌੜ ਜਲੰਧਰ 9 ਅਕਤੂਬਰ, 2022 ਨੂੰ ਕਰਵਾਈ ਜਾ ਰਹੀ ਹੈ, ਜੋ ਕਿ 5, 10 ਅਤੇ 21.1 ਕਿਲੋਮੀਟਰ ਤਿੰਨ ਸ਼੍ਰੇਣੀਆਂ ਵਿੱਚ ਹੋਵੇਗੀ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਨਸ਼ਾ ਰਹਿਤ ਜੀਵਨ ਨੂੰ ਅਪਨਾਉਣ ਦਾ ਸੱਦਾ ਦੇਣ ਦੇ ਮਕਸਦ ਨਾਲ ਹਾਫ ਮੈਰਾਥਨ ਕਰਵਾਈ ਜਾ ਰਹੀ ਹੈ। ਤਿੰਨ ਸ਼੍ਰੇਣੀਆਂ 21.1,10 ਅਤੇ 5 ਕਿਲੋਮੀਟਰ ਵਿੱਚ ਕਰਵਾਈ ਜਾਣ ਵਾਲੀ ਇਹ ਹਾਫ ਮੈਰਾਥਨ 9 ਅਕਤੂਬਰ ਨੂੰ ਸਵੇਰੇ ਕ੍ਰਮਵਾਰ 6:00, 6:15 ਅਤੇ 6:30 ਵਜੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਆਰੰਭ ਕੀਤੀ ਜਾਵੇਗੀ। 21.1 ਕਿਲੋਮੀਟਰ ਦੌੜ ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ, ਨਾਮਦੇਵ ਚੌਕ, ਬੀ.ਐਮ.ਸੀ. ਚੌਕ, 66 ਫੁੱਟੀ ਰੋਡ, ਜਲੰਧਰ ਹਾਈਟਸ ਤੋਂ ਵਾਪਸ ਹੁੰਦੇ ਹੋਏ ਮੁੜ ਗੁਰੂ ਗੋਬਿੰਦ ਸਟੇਡੀਅਮ ਵਿਖੇ ਸਮਾਪਤ ਹੋਵੇਗੀ ਜਦਕਿ 5 ਅਤੇ 10 ਕਿਲੋਮੀਟਰ ਦੀਆਂ ਦੌੜਾਂ ਵੀ ਆਪਣਾ ਰੂਟ ਤੈਅ ਕਰਦੇ ਹੋਏ ਮੁੜ ਸਟੇਡੀਅਮ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫੌਜ ਦੇ ਸੇਵਾਮੁਕਤ ਅਧਿਕਾਰੀ ਤੇ ਨਾਮੀ ਦੌੜਾਕ ਮੇਜਰ ਡੀ.ਪੀ. ਸਿੰਘ, ਫੌਜਾ ਸਿੰਘ ਸਮੇਤ ਹੋਰ ਪ੍ਰਸਿੱਧ ਹਸਤੀਆਂ ਸ਼ਾਮਲ ਹੋਣਗੀਆਂ ਅਤੇ 2500 ਦੇ ਕਰੀਬ ਭਾਗੀਦਾਰਾਂ ਦੇ ਭਾਗ ਲੈਣ ਦੀ ਸੰਭਾਵਨਾ ਹੈ।
ਹਾਫ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਸਟੇਡੀਅਮ ਸਮੇਤ ਮੈਰਾਥਨ ਦੇ ਰੂਟ ਦੀ ਸਾਫ-ਸਫਾਈ, ਸੜਕ ਦੀ ਮੁਰੰਮਤ, ਪੀਣ ਵਾਲੇ ਪਾਣੀ, ਐਂਬੂਲੈਂਸ, ਮੈਡੀਕਲ ਟੀਮਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਖਾਸ ਕਰ ਨੌਜਵਾਨ ਵਿਦਿਆਰਥੀਆਂ ਨੂੰ ਹਾਫ ਮੈਰਾਥਨ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਪੰਕਜ ਬਾਂਸਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਮੌਕੇ ਪਰੋਮੋ ਰਨ, ਸਾਈਕਲ ਰੈਲੀ, ਹਾਕੀ ਮੈਚ ਸਮੇਤ ਹੋਰ ਸਰਗਰਮੀਆਂ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਵਸ ਮੌਕੇ ਪਰੋਮੋ ਰਨ ਕਰਵਾਈ ਜਾਵੇਗੀ, ਜੋ ਕਿ ਸਵੇਰੇ 7 ਵਜੇ ਬੱਸ ਸਟੈਂਡ ਦੇ ਸਾਹਮਣੇ ਵਾਲੀ ਸੜਕ ਤੋਂ ਸ਼ੁਰੂ ਹੋ ਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ।
ਇਸ ਤੋਂ ਇਲਾਵਾ ਇਸ ਮੌਕੇ ਹੋਰ ਸਰਗਰਮੀਆਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ, ਸਾਈਕਲ ਰੈਲੀ, ਹਾਕੀ ਮੈਚ, ਕੈਂਡਲ ਮਾਰਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਪਰੋਮੋ ਰਨ ਅਤੇ ਸਾਈਕਲ ਰੈਲੀ ਤੋਂ ਬਾਅਦ ਸ਼ਾਮ 4:30 ਵਜੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹਾਕੀ ਮੈਚ ਕਰਵਾਇਆ ਜਾਵੇਗਾ ਜਦਕਿ ਸ਼ਾਮ ਸਮੇਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਇਸ ਸਬੰਧੀ ਸਮੁੱਚੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।