ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੌਰਾਨ ਪ੍ਰਸ਼ਾਸਨ ਵੱਲੋਂ ਸੰਗਤ ਨੂੰ ਪ੍ਰੇਸ਼ਾਨ ਕਰਨਾ ਬੇਹੱਦ ਮੰਦਭਾਗਾ ਹੈ ਅਤੇ ਰਾਜਸੀ ਆਗੂਆਂ ਨੂੰ ਗੁਰੂ ਘਰ ਨਿਮਾਣੇ ਸਿੱਖ ਵਜੋਂ ਮੱਥਾ ਟੇਕਣ ਲਈ ਆਉਣਾ ਚਾਹੀਦਾ ਹੈ, ਨਾ ਕਿ ਤਾਨਾਸ਼ਾਹੀ ਢੰਗ ਨਾਲ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ਸਮੇਂ ਰਸਤਿਆਂ ਵਿਚ ਅਤੇ ਪਲਾਜ਼ਾ ਵਿਖੇ ਸੰਗਤ ਨੂੰ ਲੰਮਾਂ ਸਮਾਂ ਰੋਕਿਆ ਜਾਣਾ ਠੀਕ ਨਹੀਂ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਪੁਰਬ ਸੰਗਤ ਲਈ ਅਹਿਮ ਦਿਹਾੜਾ ਹੁੰਦਾ ਹੈ, ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਪੁੱਜ ਕੇ ਸੰਗਤ ਆਪਣੀ ਸ਼ਰਧਾ ਅਰਪਤ ਕਰਦੀ ਹੈ। ਮੁੱਖ ਮੰਤਰੀ ਦਾ ਇਸ ਦੌਰਾਨ ਸ਼ਰਧਾ ਪ੍ਰਗਟਾਉਣਾ ਚੰਗੀ ਗੱਲ ਹੈ, ਪਰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨਾਲ ਕੀਤਾ ਗਿਆ ਵਿਹਾਰ ਉਨ੍ਹਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣ ਵਾਲਾ ਹੈ।