Uncategorized

ਸਰਕਾਰ ਦਾ ਨਵਾਂ ਹੁਕਮ ਜਾਰੀ : 'ਅੰਮ੍ਰਿਤਪਾਲ' ਆਪਰੇਸ਼ਨ ਦੌਰਾਨ ਅਗਲੇ ਦੋ ਦਿਨ ਪੰਜਾਬ 'ਚ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਪੁਲਿਸ ਦੀ ਮੁਹਿੰਮ ਐਤਵਾਰ ਨੂੰ ਵੀ ਜਾਰੀ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਪੂਰੇ ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਮਾਹੌਲ ਖ਼ਰਾਬ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਪੰਜਾਬ ਦੀਆਂ ਸਰਕਾਰੀ ਬੱਸ ਸੇਵਾਵਾਂ ਵੀ ਦੋ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਹੁਕਮਾਂ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਕੋਈ ਵੀ ਪਨਬੱਸ ਬੱਸ ਨਹੀਂ ਚੱਲੇਗੀ।

ਸਰਕਾਰੀ ਬੱਸਾਂ ਨੂੰ ਰੋਕਣ ਦਾ ਫੈਸਲਾ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਕੀਤੀ ਜਾ ਰਹੀ ਤੋੜਫੋੜ ਦੇ ਖਦਸ਼ੇ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੀ.ਆਰ.ਟੀ.ਸੀ ਦੀਆਂ ਬੱਸਾਂ ਵੀ ਚੱਲਣਗੀਆਂ ਜਾਂ ਨਹੀਂ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ।

ਨਕੋਦਰ ਵਿੱਚ ਦੇਰ ਰਾਤ ਤੱਕ ਸਰਚ ਆਪਰੇਸ਼ਨ ਜਾਰੀ

ਪੰਜਾਬ ਪੁਲਿਸ ਨੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ਵਿੱਚ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਚਲਾਈ। ਪਿੰਡ ਸਰੀਂਹ ਵਿੱਚ ਸਰਚ ਆਪਰੇਸ਼ਨ ਦੀ ਅਗਵਾਈ ਜਲੰਧਰ ਦੇ ਪੁਲੀਸ ਕਮਿਸ਼ਨਰ ਨੇ ਖੁਦ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਭਗੌੜਾ ਹੈ, ਉਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਅੰਮ੍ਰਿਤਪਾਲ ਦੀ ਕਾਰ ਨਕੋਦਰ ‘ਚ ਖੜ੍ਹੀ ਮਿਲੀ।

ਸੁਰੱਖਿਆ ਸਖਤ, 78 ਗ੍ਰਿਫਤਾਰ

ਅੰਮ੍ਰਿਤਪਾਲ ਸਿੰਘ ਨੇ ਸ਼ਨੀਵਾਰ ਨੂੰ ਜਲੰਧਰ ਦੇ ਮਲਸੀਆਂ ਕਸਬੇ ਅਤੇ ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ। ਇਸ ਪ੍ਰੋਗਰਾਮ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਫੜਨ ਦੀ ਗੁਪਤ ਯੋਜਨਾ ਬਣਾਈ ਸੀ। ਜਿਸ ਤਹਿਤ ਅੱਜ ਸਵੇਰ ਤੋਂ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕਰ ਰਹੀ ਪੁਲਿਸ ਨੇ ਮਹਿਤਪੁਰ ਨੇੜੇ ਉਸਦੇ ਕਾਫ਼ਲੇ ਨੂੰ ਘੇਰ ਕੇ ਉਸਦੇ 6 ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਇਸ ਦੌਰਾਨ ਅੰਮ੍ਰਿਤਪਾਲ ਆਪਣੀ ਮਰਸਡੀਜ਼ ਕਾਰ ਵਿੱਚ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਭਾਲ ਲਈ ਪੂਰੇ ਪੰਜਾਬ ਵਿੱਚ ਸਰਚ ਅਭਿਆਨ ਚਲਾਇਆ। ਇਸ ਦੌਰਾਨ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਖ਼ਿਲਾਫ਼ ਕਾਰਵਾਈ ਕਰਦਿਆਂ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਇੰਟਰਨੈੱਟ ਸੇਵਾਵਾਂ ਕੱਲ ਤੱਕ ਰਹੇਗੀ ਠੱਪ

ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਰਹਿਣ ਦੀ ਮਿਆਦ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਮੋਬਾਈਲ ਇੰਟਰਨੈੱਟ ਕੱਲ੍ਹ ਭਾਵ ਸੋਮਵਾਰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਐਸਐਮਐਸ ਸੇਵਾਵਾਂ ਵੀ ਬੰਦ ਰਹਿਣਗੀਆ। ਜ਼ਿਕਰਯੋਗ ਹੈ ਕਿ ਅਫਵਾਹਾਂ ਅਤੇ ਮਾਹੌਲ ਵਿਗੜਨ ਦੇ ਖਦਸ਼ੇ ਨੂੰ ਰੋਕਣ ਲਈ ਸ਼ਨੀਵਾਰ ਦੁਪਹਿਰ 12 ਵਜੇ ਤੋਂ ਰਾਜ ਵਿੱਚ ਮੋਬਾਈਲ ਇੰਟਰਨੈਟ ਅਤੇ ਸਐਮਐਸ ਸੇਵਾਵਾਂ ਨੂੰ 24 ਘੰਟਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਪਹਿਲਾਂ ਐਤਵਾਰ ਤੱਕ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਵਧਾ ਕੇ ਕੱਲ੍ਹ 12 ਵਜੇ ਤੱਕ ਕਰ ਦਿੱਤਾ ਹੈ।

Leave a Reply

Your email address will not be published.

Back to top button