@ਅਕਾਲ ਤਖਤ ਮਹਾਨ ਹੈ
ਸਿੱਖ ਪੰਥ ਦੀ ਸ਼ਾਨ ਹੈ @
ਬਾਦਲਾਂ ਨੂੰ ਗਾਲ੍ਹਾਂ ਕੱਢ ਕੇ ਪੰਥ ਨਹੀਂ ਬਚਣਾ…..!
ਜੋ ਕੁਝ ਸਿੱਖ ਸਿਆਸਤ ਅੰਦਰ ਹੁਣ ਦਾ ਘਟਨਾਕ੍ਰਮ ਵਰਤ ਰਿਹਾ ਹੈ, ਇਸ ਤੋਂ ਸਾਫ਼ ਹੈ ਕਿ ਹੁਣ ਇਕੱਲੇ ਬਾਦਲਾਂ ਨੂੰ ਗਾਲ੍ਹਾਂ ਕੱਢ ਕੇ ਪੰਥ ਨਹੀਂ ਬਚਣਾ, ਹੁਣ ‘ਅਕਾਲੀ’ ਤੇ ‘ਜੱਥੇਦਾਰ’ ਸ਼ਬਦ ਦੀ ਮੁੜ ਬਹਾਲੀ ਲਈ ਪੰਥਕ ਵਿਹੜਿਆਂ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਵਿਚਰਨਾ ਪੈਣਾ ਹੈ।ਇਹ ਜਿੰਮੇਵਾਰੀ ਖ਼ੁਦ ਸਿੱਖ ਪਨੀਰੀ ਨੂੰ ਆਪ ਮੁਹਾਰੇ ਆਪਣੇ ਮੋਢਿਆਂ ‘ਤੇ ਚੁੱਕਣੀ ਪੈਣੀ ਹੈ। ਹੁਣ ਕਿਸੇ ਨੇ ਘਰੋਂ ਖਾ ਕੇ ਅਕਲ ਦੇਣ ਨਹੀਂ ਆਉਣਾ ਕਿਉਂਕਿ ਉਮਰਾਂ ਹੰਢਾ ਚੁੱਕੇ ਪੰਥਕ ਆਗੂਆਂ ਨੇ ਤਾਂ ਇਕੋਂ ਕੰਮ ਫੜਿਆ ਹੈ ਕਿ ਬਾਦਲਾਂ ਨੂੰ ਗਾਲ੍ਹਾਂ ਕੱਢੋ ਤੇ ਸਿਆਸਤ ਕਰੀ ਚੱਲੋ । ਹੁਣ ਚਾਹੀਦਾ ਇਹ ਹੈ ਕਿ ਜੱਥੇਦਾਰ ਬਦਲਣ ਦੀ ਚਰਚਾ ਕਰਨ ਨਾਲੋਂ ਇਸ ਗੱਲ ‘ਤੇ ਚਰਚਾ ਕਰੋ ਕਿ ਅਕਾਲ ਤਖ਼ਤ ਸਾਹਿਬ ਲਈ ਦੁਨੀਆਂ ਭਰ ਦੇ ਸਿੱਖਾਂ ਦੀ ਸ਼ਾਮੂਲੀਅਤ ਵਾਲਾ ਪੰਥਕ ਨਿਯਾਮ ਕਿਵੇਂ ਸਿਰਜੀਏ ਤੇ ਬਦਲੀਏ । ਸਿੱਖਾਂ ਨੂੰ ਅੱਜ ਇਸ ਸੱਚ ਨੂੰ ਸਵਿਕਾਰ ਲੈਣਾ ਚਾਹੀਦਾ ਹੈ ਕਿ 1925 ਵਿੱਚ ਅਸੀਂ ਗੁਰਦੁਆਰਾ ਸਾਹਿਬਾਨ ਅਜ਼ਾਦ ਨਹੀਂ ਗੁਲਾਮ ਕਰਵਾ ਲਏ ਸਨ।ਇਸੇ ਕਰਕੇ ਹਰ ਮਹੀਨੇ ਸਾਡਾ ਜੱਥੇਦਾਰ ਬਦਲ ਦਿੱਤਾ ਜਾਂਦਾ ਹੈ।ਜਦ ਕਿ ਇਸ ਤੋਂ ਪਹਿਲਾਂ ਜੱਥੇਦਾਰ ਸਿਰਫ਼ ਅਕਾਲ ਚਲਾਣੇ ਵੇਲੇ ਹੀ ਬਦਲਿਆ ਜਾਂਦਾ ਹੈ ਕਿਵੇਂ ਅਕਾਲੀ ਫੂਲਾ ਸਿੰਘ ਤੋਂ ਪਿਹਲਾਂ ਜੱਥੇਦਾਰ ਨੈਣਾ ਸਿੰਘ ਨਿਹੰਗ (ਬੁੱਢਾ ਦਲ ਦੇ ਪੰਜਵੇਂ ਜੱਥੇਦਾਰ ਵੀ ਸਨ) ਤੇ ਉਸਤੋਂ ਪਿਹਲਾਂ ਜੱਥੇਦਾਰ ਜੱਸਾ ਸਿੰਘ ਜੀ ਸਨ।ਹੁਣ ਇਸਾਈਆਂ ਤੋਂ ਹੀ ਸਿੱਖ ਲਈਏ ਕਿ ਉਹਨਾਂ ਦਾ ਪੋਪ ਤਾਂ ਨਿੱਤ ਦਿਹਾੜੇ ਨਹੀਂ ਬਦਲਿਆ ਜਾਂਦਾ।ਹੁਣ ਜੋ ਬਾਦਲਾਂ ਦੇ ਵਿਰੋਧ ਵਿੱਚ ਵੀ ਹਨ ਉਹ ਵੀ ਆਪਣੇ ਅੰਦਰ ਝਾਤੀ ਮਾਰ ਸਕਦੇ ਹਨ, ਤੇ ਇਹ ਸ਼ੇਅਰ ਸਾਇਦ ਸੱਚ ਹੀ ਬਿਆਨ ਕਰ ਰਿਹਾ ਹੈ … ਸ਼ਹਿਰ ਬਨਾਰਸ ਹੋ ਗਿਆ ਭਾਵੇਂ ਹੈ ਬਦਨਾਮ, ਆਪਣੇ ਕੋਲੋ ਪੁੱਛ ਕੇ ਦੱਸੋ ਕੌਣ ਨਹੀਂ ਏ ਠੱਗ ?
ਰਹੀ ਗੱਲ ਸਿਆਸਤਦਾਨਾਂ ਦੀ ਰੈਂਨਡੋਲਡ ਹਰਸਟ ਲਿਖਦੇ ਹਨ ਕਿ ਸਿਆਸਤਦਾਨ ਆਪਣੀ ਨੌਕਰੀ ਪੱਕੀ ਕਰੀ ਰੱਖਣ ਲਈ ਕੁਝ ਵੀ ਕਰ ਸਕਦਾ ਹੈ, ਇੱਥੋਂ ਤੱਕ ਕਿ ਕਈ ਵਾਰ ਉਹ ਦੇਸ਼ ਭਗਤ ਵੀ ਬਣ ਜਾਂਦਾ ਹੈ। ਇਹੀ ਹਾਲ ਹੁਣ ਅਕਾਲੀ ਦਲ ਸਮੇਤ ਅਕਾਲੀ ਦਲ ਦੇ ਵਿਰੋਧੀਆਂ ਦਾ ਵੀ ਹੈ। ਹੁਣ ਜੇਕਰ ਭਵਿੱਖ ‘ਚ ਬਾਦਲ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਜਾਂਦਾ ਹੈ ਤਾਂ ਇਹਨਾਂ ਸਭ ਰੁੱਸੇ ਹੋਇਆਂ ਨੇ ਆਪੋ-ਆਪਣੇ ਸਿਰ ਮੁੜ ਬਾਦਲਾਂ ਦੀ ਪੰਜਾਲੀ ਹੇਠ ਆਪੇ ਹੀ ਫਸਾ ਦੇਣੇ ਹਨ । ਜੇ ਕਿਤੇ ਬਾਦਲ ਦਲ ਨੂੰ ਹਰਾੁੳਣ ‘ਚ ਇਹ ਅੱਲਗ-ਅਲੱਗ ਪੰਥਕ ਆਗੂ ਕਾਮਯਾਬ ਵੀ ਹੋ ਜਾਂਦੇ ਹਨ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਇਹਨਾਂ ਦੀ ਆਪਸੀ ਸਹਿਮਤੀ ਨਹੀਂ ਬਣਨੀ ਤੇ
ਅੰਤ ਸ਼੍ਰੋਮਣੀ ਕਮੇਟੀ …. । ਭਾਰਤੀ ਕਹਾਵਤ ਅਨੁਸਾਰ ਕੁੱਕੜ 4 ਦਿਨ ਸ਼ਹਿਰ ਰਹਿ ਆਵੇ ਤਾਂ ਮੋਰ ਬਣ ਕੇ ਮੁੜਦਾ ਹੈ, ਬਿਲਕੁਲ ਏਸੇ ਤਰ੍ਹਾ ਕਿਸੇ ਵਕਤ ਭਵਿੱਖ ਵਿੱਚ ਬਾਦਲ ਪਰਿਵਾਰ ਵੱਲੋਂ ਸਾਰਿਆਂ ਨੂੰ ਦੁੱਧ ਧੋਤੇ ਦੱਸ ਕੇ ਮੁੜ ਅਕਾਲੀ ਦਲ (ਬਾਦਲ) ‘ਚ ਸ਼ਾਮਲ ਕਰ ਲਿਆ ਜਾਵੇਗਾ। ਸਿੱਖ ਇਸ ਗ਼ੱਲ ਨੂੰ ਯਾਦ ਰੱਖਣ ਕਿ ਸਵਰਗੀ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਵੀ ‘ਸਿਰਫ਼ ਹਿੰਦ ਅਕਾਲੀ ਦਲ’ ਬਣਾਇਆ ਸੀ। ਜੋ ਕੁਝ ਸਾਲਾਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਸਿੱਖ ਪੰਥ ਦੀਆਂ ਭਾਵਨਾਵਾਂ ਤੇ ਪਾਣੀ ਫੇਰਦਾ ਹੋਇਆ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਿਆ ਸੀ। ਸੋ ਸਿੱਖਾਂ ਨੂੰ ਬੜੇ ਹੀ ਧੀਰਜ ਨਾਲ ਸੋਚਣਾ ਪਵੇਗਾ ਕਿਉਂਕਿ ਇਹ ਦਲ ਬਦਲੂ ਲੋਕ ਕਿਸੇ ਦੇ ਮਿੱਤ ਨਹੀਂ ਬਣਦੇ ਤੇ ਸਾਨੂੰ ਆਪਣੀ ਪੂਛ ਤੇ ਬੈਠੀਆਂ ਮੱਖੀਆਂ ਖੁਦ ਹੀ ਉਡਾਉਣੀਆਂ ਪੈਣਗੀਆਂ।
ਪੁਰਾਣੀ ਕਹਾਵਤ ਹੈ ਕਿ ਇੱਕ ਮਿਆਨ ‘ਚ ਦੋ ਤਲਵਾਰਾਂ ਨਹੀਂ ਪੈਂਦੀਆਂ ਤੇ ਲੁਹਾਰ ਦੇ ਬੱਚੇ ਚੰਗਿਆੜੀ ਤੋਂ ਨਹੀਂ ਡਰਦੇ ।ਇਹੀ ਹਾਲਾਤ ਅਜੋਕੇ ਪੰਥਕਾਂ ਦੇ ਹਨ ਉਹਨਾਂ ਨੇ ਤਾਂ 5-6 ਤਲਵਾਰਾਂ ਇੱਕ ਮਿਆਨ ‘ਚ ਫਿੱਟ ਕਰ ਲਈਆਂ ਹਨ।
ਹੁਣ ਵੇਖਣਾ ਇਹ ਹੈ ਕਿ ਮਿਆਨ ‘ਚ ਇਹ ਇੱਕ ਦੂਸਰੇ ਨੂੰ ਕਿੰਨ੍ਹੀ ਦੇਰ ਬਰਦਾਸ਼ਤ ਕਰਦੇ ਹਨ।
ਸਾਡੇ ਮੁਤਾਬਿਕ ਤਾਂ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਕੁੱਕੜ ਖੇਹ ਉਡਣੀ ਸ਼ੁਰੂ ਹੋ ਜਾਣੀ ਹੈ ।
ਕੁੱਲ ਮਿਲਾ ਕੇ ਸਿੱਖ ਨੌਜੁਆਨੀ ਨੂੰ ਚਾਹੀਦਾ ਹੈ ਕਿ ਹੁਣ ਮੁਰਦਿਆਂ ‘ਤੇ ਗਰਮ ਲੋਈਆਂ ਦੇਣੀਆਂ ਬੰਦ ਕਰੀਏ, ਕਿਉਂਕਿ ਠੰਡ ਜਿਉਂਦਿਆਂ ਨੂੰ ਲੱਗਦੀ ਹੈ।ਆਓ! ਹੁਣ ‘ਅਕਾਲੀ’ ਤੇ ‘ਜੱਥੇਦਾਰ’ ਸ਼ਬਦ ਦੀ ਮੁੜ ਬਹਾਲੀ ਲਈ ਪੰਥਕ ਵਿਹੜਿਆਂ ਵਿੱਚ ਵਿਚਰੀਏ ਤੇ ਇਹ ਪ੍ਰਚਾਰ ਆਪਣੇ ਘਰ ਤੋਂ ਹੀ “ਦੀਦਾਰ ਖਾਲਸੇ ਦਾ” ਰੂਪ ਵਿੱਚ ਸ਼ੁਰੂ ਕਰੀਏ। ਨਹੀਂ ਤਾਂ ਅਸੀ ਵੀ ਇਤਿਹਾਸ ਵਿੱਚ ਗੁਨਹਾਗਾਰ ਲਿਖੇ ਜਾਵਾਂਗੇ , ਗੁਰੂ ਮੇਹਰ ਕਰੇ!
ਬਲਵਿੰਦਰ ਸਿੰਘ ‘ਪੁੜੈਣ’ ( ਮੁੱਖ ਸੰਪਾਦਕ, ਜੁਝਾਰ ਟਾਈਮਜ਼ )