ਸਿੱਧੂ ਮੂਸੇਵਾਲਾ ਦੀ ਯਾਦ ‘ਚ ਕਲਾਕਾਰ ਨੇ ਰਬੜ ਦੀਆਂ ਚੱਪਲਾਂ ਨਾਲ ਬਣਾਇਆ ਟ੍ਰੈਕਟਰ 5911 ਦਾ ਮਾਡਲ
ਮਾਨਸਾ ਦੇ ਪਿੰਡ ਬੁਰਜ ਰਾਠੀ ਦਾ ਗੁਰਮੀਤ ਸਿੰਘ ਰਬੜ ਦੀਆਂ ਚੱਪਲਾਂ ਨਾਲ ਸ਼ਾਨਦਾਰ ਕਲਾਕ੍ਰਿਤਾਂ ਬਣਾਉਂਦਾ ਹੈ। ਚੱਪਲਾ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤਾਂ ਬਣਾ ਕੇ ਨਾਮਣਾ ਖੱਟ ਚੁੱਕੇ ਗੁਰਮੀਤ ਸਿੰਘ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੇ ਮਾਡਲ ਬਣਾਏ ਹਨ, ਜਿਸ ਨੂੰ ਗੁਰਮੀਤ ਸਿੰਘ ਜਲਦੀ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਲਿਜਾ ਕੇ ਸਿੱਧੂ ਸ਼ਰਧਾਂਜਲੀ ਭੇਟ ਕਰੇਗਾ। ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਮੇਰੇ ਕਲਾ ਕੇਂਦਰ ਤੇ ਆਏ ਸਨ ਤਾਂ ਉਨ੍ਹਾਂ 5911 ਟ੍ਰੈਕਟਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਹੁਣ ਮੈਂ 5911 ਟ੍ਰੈਕਟਰ ਬਣਾ ਕੇ ਉਹਨਾਂ ਦੇ ਸਮਾਰਕ ਤੇ ਲੈ ਕੇ ਜਾਵਾਂਗਾ।
ਮਾਨਸਾ ਬਠਿੰਡਾ ਰੋਡ ਤੇ ਪੈਂਦੇ ਪਿੰਡ ਭਾਈਦੇਸਾ ਵਿੱਚ ਪਿੰਡ ਬੁਰਜ ਰਾਠੀ ਦਾ ਗੁਰਮੀਤ ਸਿੰਘ ਰਬੜ ਦੀਆਂ ਟੁੱਟੀਆਂ ਚੱਪਲਾਂ ਨੂੰ ਚਾਕੂ ਨਾਲ ਕੱਟ ਵੱਢ ਕੇ ਵੱਖ-ਵੱਖ ਤਰਾਂ ਦੀਆਂ ਕਲਾਕ੍ਰਿਤਾਂ ਤਿਆਰ ਕਰਦਾ ਹੈ। ਹੁਣ ਗੁਰਮੀਤ ਸਿੰਘ ਨੇ ਚੱਪਲਾਂ ਤੋਂ ਪੰਜਾਬੀ ਗਾਇਕ ਸਿਧੂ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ਦਾ ਮਾਡਲ ਤਿਆਰ ਕੀਤਾ ਹੈ, ਜਿਸਨੂੰ ਗੁਰਮੀਤ ਸਿੰਘ ਜਲਦ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਲੈ ਕੇ ਜਾਵੇਗਾ। ਗੁਰਮੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਸਾਡੇ ਇਸ ਕਲਾ ਕੇਂਦਰ ਵਿੱਚ ਆਏ ਸਨ, ਤਾਂ ਉਹ ਸਾਡੇ ਕੇਂਦਰ ਤੇ ਸਾਡੀ ਕਲਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸਨ, ਜਿਨ੍ਹਾਂ ਨੇ ਮੇਰੀ ਕਲਾ ਤੋਂ ਪ੍ਰਭਾਵਿਤ ਹੋ ਕੇ ਜਾਂਦੇ ਸਮੇਂ ਮੈਨੂੰ 2-3 ਟਰੈਕਟਰ 5911 ਤਿਆਰ ਕਰਕੇ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਦੋਬਾਰਾ ਇਸ ਕਲਾ ਕੇਂਦਰ ਵਿੱਚ ਆਉਣਾ ਸੀ, ਪਰ ਦੁੱਖ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਫਰਜ਼ ਸਮਝਦੇ ਹੋਏ ਹੁਣ ਇਹ 5911 ਟਰੈਕਟਰ ਤਿਆਰ ਕੀਤਾ ਹੈ, ਜਿਸ ਨੂੰ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਰੱਖ ਕੇ ਆਵਾਂਗਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵੱਲੋਂ 100 ਫ਼ੀਸਦੀ ਇਸ ਟਰੈਕਟਰ ਨੂੰ ਸਿੱਧੂ ਮੂਸੇਵਾਲਾ ਦੇ 5911 ਟਰੈਕਟਰ ਵਾਂਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਤੁਹਾਡੇ ਚੈਨਲ ਦੇ ਦਰਸ਼ਕ ਦੱਸਣਗੇ ਕਿ ਉਹਨਾਂ ਨੂੰ ਇਹ ਟਰੈਕਟਰ ਕਿਸ ਤਰ੍ਹਾਂ ਦਾ ਲੱਗਿਆ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ 5911 ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਕਿਉਂਕਿ ਅੱਜ ਵੀ ਜਦੋਂ ਅਸੀਂ ਸੜਕ ਤੇ 5911 ਨੂੰ ਲੰਘਦੇ ਦੇਖਦੇ ਹਾਂ ਤਾਂ ਸਿੱਧੂ ਮੂਸੇਵਾਲਾ ਦੀ ਯਾਦ ਆਉਂਦੀ ਹੈ।