
ਭੁਲੱਥ ਇਲਾਕੇ ‘ਚ ਪੈਂਦੇ ਪਿੰਡ ਪੰਡੋਰੀ ਅਰਾਈਆਂ ‘ਚ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਕੋਠੀ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾ ਦਿੱਤਾ ਗਿਆ। ਕੁਝ ਹੀ ਦੇਰ ‘ਚ ਮਕਾਨ ਮਲਬੇ ‘ਚ ਤਬਦੀਲ ਹੋ ਗਿਆ। ਹਾਈਕੋਰਟ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਭਾਜਪਾ ਆਗੂ ਨੇ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਜਾਣਕਾਰੀ ਅਨੁਸਾਰ ਭਾਜਪਾ ਆਗੂ ਨੇ ਇਹ ਕੋਠੀ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ’ਤੇ ਬਣਾਈ ਸੀ। ਇਸ ਰਿਹਾਇਸ਼ੀ ਇਮਾਰਤ ਨੂੰ ਢਾਹੁਣ ਲਈ ਮਾਣਯੋਗ ਹਾਈਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ। ਹਾਈ ਕੋਰਟ ਦੇ ਹੁਕਮਾਂ ਅਨੁਸਾਰ ਏਡੀਸੀ ਜਨਰਲ ਅਮਰਪ੍ਰੀਤ ਕੌਰ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਟੀਮ ਨੇ ਭਾਜਪਾ ਆਗੂ ਵੱਲੋਂ ਗਿੱਲ ਫਾਰਮ ਦੇ ਨਾਂ ’ਤੇ ਬਣੀ ਰਿਹਾਇਸ਼ੀ ਇਮਾਰਤ (ਕੋਠੀ) ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ।

ਇਸ ਦੌਰਾਨ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਆਪਣੇ ਸਾਥੀਆਂ ਸਮੇਤ ਇਸ ਕਾਰਵਾਈ ਦਾ ਵਿਰੋਧ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ‘ਤੇ ਕੀਤੀ ਗਈ ਹੈ।