
ਜਲੰਧਰ-ਅੰਮਿ੍ਤਸਰ ਮਾਰਗ ‘ਤੇ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਲਿੱਦੜਾਂ ਨਜ਼ਦੀਕ ਚਾਰ ਹਥਿਆਰਬੰਦ ਲੁਟੇਰੇ ਬੰਦੂਕ ਦਿਖਾ ਕੇ ਟਰੱਕ ਡਰਾਈਵਰ ਕੋਲੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ। ਟਰੱਕ ਡਰਾਈਵਰ ਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੱਲੀ ਮਾਰਕੀਟ ਡੇਰਾ ਬਾਬਾ ਨਾਨਕ ਰੋਡ ਬਟਾਲਾ ਗੁਰਦਾਸਪੁਰ ਨੇ ਦੱਸਿਆ ਕਿ ਉਹ ਬੀਤੀ ਰਾਤ ਮੰਡੀ ਗੋਬਿੰਦਗੜ੍ਹ ਲੋਹੇ ਦਾ ਸਾਮਾਨ ਲੱਦ ਕੇ ਬਟਾਲੇ ਨੂੰ ਜਾ ਰਿਹਾ ਸੀ ਤਾਂ ਤਕਰੀਬਨ ਰਾਤ 2 ਵਜੇ ਜਲੰਧਰ ‘ਚ ਸਥਿਤ ਪਿੰਡ ਲਿੱਦੜਾਂ ਪੁੱਜਾ ਤਾਂ ਉਹ ਆਪਣਾ ਟਰੱਕ ਰੋਕ ਕੇ ਟਰੱਕ ਦੇ ਟਾਇਰਾਂ ਦੀ ਹਵਾ ਚੈੱਕ ਕਰ ਰਿਹਾ ਸੀ ਤਾਂ ਕਾਰ ਸਵਾਰ ਦੋ ਵਿਅਕਤੀ ਰਸਤਾ ਪੁੱਛਣ ਲੱਗੇ ਅਤੇ ਇੰਨੇ ਨੂੰ ਦੋ ਹੋਰ ਵਿਅਕਤੀ ਪੈਦਲ ਹੀ ਉੱਥੇ ਆ ਗਏ। ਜਿਨ੍ਹਾਂ ਚਾਰਾਂ ਵਿਅਕਤੀਆਂ ਵੱਲੋਂ ਉਸ ਨੂੰ ਬੰਦੂਕ ਦਿਖਾ ਕੇ ਉਸ ਕੋਲੋਂ ਜੇਬ ‘ਚ ਪਈ ਹੋਈ ਦੋ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਿਰ ਉਨ੍ਹਾਂ ਵੱਲੋਂ ਉਸ ਨੂੰ ਟਰੱਕ ਦੇ ਅੰਦਰ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਟਰੱਕ ਅੰਦਰ ਬਣਿਆ ਹੋਇਆ ਕੈਬਿਨ ਖੋਲ੍ਹਣ ਨੂੰ ਕਿਹਾ ਤਾਂ ਉਸ ਨੇ ਲੁਟੇਰਿਆਂ ਨੂੰ ਕਿਹਾ ਕਿ ਕੈਬਿਨ ਦੀ ਚਾਬੀ ਮਾਲਕਾਂ ਕੋਲ ਹੁੰਦੀ ਹੈ ਇਸ ਲਈ ਉਹ ਕੈਬਿਨ ਨਹੀਂ ਖੋਲ੍ਹ ਸਕਦਾ।