ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਰਾਤ ਦੀ ਹੈ।
ਸੰਸਥਾ ਦੀ ਇੱਕ ਵਿਦਿਆਰਥਣ ਨੇ ਗਰਲਜ਼ ਹੋਸਟਲ ਦੇ ਬਾਥਰੂਮ ਦੀ ਖਿੜਕੀ ਦੇ ਬਾਹਰ ਮੋਬਾਈਲ ਫ਼ੋਨ ਦੇਖਿਆ। ਇਸ ਤੋਂ ਬਾਅਦ ਉਸ ਨੇ ਹੋਸਟਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਆਈਆਈਟੀ ਬੰਬੇ ਦੇ ਸੁਰੱਖਿਆ ਅਮਲੇ ਨੇ ਉਸ ਵਿਅਕਤੀ ਨੂੰ ਲੱਭ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਫੜੇ ਗਏ ਵਿਅਕਤੀ ਦਾ ਨਾਂ ਪਿੰਟੂ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਵਿਅਕਤੀ ਆਈਆਈਟੀ ਬੰਬੇ ਦੀ ਕੰਟੀਨ ਵਿੱਚ ਕੰਮ ਕਰਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਈਆਈਟੀ ਬੰਬੇ ਨੇ ਵੀ ਇੱਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਹੋਸਟਲ ਕੰਟੀਨ ਦੇ ਇੱਕ ਕਰਮਚਾਰੀ ਨੇ ਗਰਲਜ਼ ਹੋਸਟਲ ਦੇ ਮਹਿਲਾ ਵਾਸ਼ਰੂਮ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ ਸੀ। ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਆਈਆਈਟੀ ਬੰਬੇ ਨੇ ਕਿਹਾ ਹੈ ਕਿ ਮੁੰਬਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਟੀਮ ਵੀ ਮਾਮਲੇ ਦੀ ਜਾਂਚ ਕਰੇਗੀ।
ਮੁੰਬਈ ਪੁਲਿਸ ਦੇ ਡੀਸੀਪੀ ਮਹੇਸ਼ਵਰ ਰੈਡੀ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ। ਮੋਬਾਈਲ ਵਿੱਚ ਕੋਈ ਇਤਰਾਜ਼ਯੋਗ ਕਲਿੱਪ ਨਹੀਂ ਮਿਲੀ ਹੈ। ਪਰ ਇੱਕ ਤਿੰਨ ਸਕਿੰਟ ਦੀ ਕਲਿਪ ਮਿਲੀ ਹੈ ਜਿਸ ਤੋਂ ਕੁੱਝ ਸਾਫ ਨਹੀਂ ਹੋ ਪਾ ਰਿਹਾ ਹੈ ਪਰ ਇਹ ਰਿਕਾਰਡਿੰਗ ਉਸੇ ਸਮੇਂ ਦੀ ਹੈ ਜਦੋਂ ਕੰਟੀਨ ਕਰਮਚਾਰੀ ਬਾਥਰੂਮ ਨੇੜੇ ਮੌਜੂਦ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਤਵਾਰ ਸ਼ਾਮ ਨੂੰ ਕੰਟੀਨ ਵਿੱਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਹੋਸਟਲ ਦੇ ਵਾਸ਼ਰੂਮ ਵਿੱਚ ਝਾਕ ਰਿਹਾ ਸੀ ਜਦੋਂ ਉਸਨੂੰ ਇੱਕ ਲੜਕੀ ਨੇ ਦੇਖਿਆ ਅਤੇ ਇਸਦੀ ਸ਼ਿਕਾਇਤ ਕੀਤੀ। ਕਰਮਚਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਆਈਆਈਟੀ ਬੰਬੇ ਦੇ ਡੀਨ (ਵਿਦਿਆਰਥੀ ਮਾਮਲੇ) ਪ੍ਰੋਫੈਸਰ ਤਪਨੇਂਦੂ ਕੁੰਡੂ ਨੇ ਕਿਹਾ, “ਸੰਸਥਾਨ ਵੱਲੋਂ ਤੁਰੰਤ ਐਕਸ਼ਨ ਲਏ ਜਾ ਰਹੇ ਹਨ। ਬਾਹਰੀ ਖੇਤਰ ਤੋਂ ਬਾਥਰੂਮ ਤੱਕ ਪਹੁੰਚ ਨੂੰ ਸੀਲ ਕਰ ਦਿੱਤਾ ਗਿਆ ਹੈ। ਹੋਸਟਲ ਦਾ ਸਰਵੇਖਣ ਕਰਨ ਤੋਂ ਬਾਅਦ ਜ਼ਰੂਰੀ ਥਾਵਾਂ ‘ਤੇ ਸੀਸੀਟੀਵੀ ਕੈਮਰੇ ਅਤੇ ਲਾਈਟਾਂ ਲਗਾਈਆਂ ਗਈਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ ਰਾਤ ਦੀ ਕੰਟੀਨ ਨੂੰ ਮਰਦ ਸਟਾਫ ਵੱਲੋਂ ਚਲਾਇਆ ਜਾਂਦਾ ਸੀ। ਵਰਤਮਾਨ ਵਿੱਚ, ਕੰਟੀਨ ਬੰਦ ਹੈ ਅਤੇ ਅਸੀਂ ਹੁਣ ਇਸ ਕੰਟੀਨ ਵਿੱਚ ਸਿਰਫ ਮਹਿਲਾ ਸਟਾਫ ਨੂੰ ਹੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।