ਹੋਟਲ 'ਚੋ ਪੁਲਿਸ ਨੇ 5 ਕੁੜੀਆਂ ਨੂੰ ਛੁਡਵਾਇਆ, ਕਿਹਾ "ਦਲਾਲ ਦੇਹ ਵਪਾਰ ਕਰਾਉਣ ਲਈ ਦਿੰਦੇ ਸਨ ਤਸੀਹੇ"
ਰੇਵਾੜੀ ‘ਚ ਪੁਲਿਸ ਨੇ ਹੋਟਲ ‘ਚ ਛਾਪਾ ਮਾਰ ਕੇ 5 ਲੜਕੀਆਂ ਨੂੰ ਛੁਡਵਾਇਆ। ਕੁੜੀਆਂ ਨੇ ਰੋਂਦਿਆਂ ਬੋਲਿਆ ਦਲਾਲ ਧੰਦੇ ਲਈ ਮਜਬੂਰ ਕਰਦੇ ਹਨ ਤੇ ਤਸੀਹੇ ਦਿੰਦੇ ਹਨ। ਪੁਲਿਸ ਨੇ ਹੋਟਲ ਸੰਚਾਲਕ ਸਮੇਤ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਟਲ ਤੋਂ ਆਜ਼ਾਦ ਕਰਵਾਈਆਂ ਕੁੜੀਆਂ ਨੂੰ ਸੈਂਟਰ ਭੇਜ ਦਿੱਤਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਾਈਵਾਲੀ ਚੌਕ ਸਥਿਤ ਹੋਟਲ ਵਿਚ ਬੰਧਕ ਬਣਾ ਕੇ ਲੜਕੀਆਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਕ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ ਘੁੰਮਣ ਹਿਸਾਰ ਗਈ ਸੀ। ਉਨ੍ਹਾਂ ਨੂੰ ਮੁਕੇਸ਼ ਨਾਂ ਦਾ ਵਿਅਕਤੀ ਮਿਲਿਆ, ਜਿਸ ਨੇ ਕਿਹਾ ਕਿ ਉਹ ਦੋਵਾਂ ਨੂੰ ਦਿੱਲੀ ਛੱਡ ਦੇਵੇਗਾ। ਦਿੱਲੀ ਦੀ ਬਜਾਏ ਮੁਲਜ਼ਮ ਉਸ ਨੂੰ ਰੇਵਾੜੀ ਦੇ ਹੋਟਲ ਲੈ ਗਿਆ, ਜਿਥੇ ਉਸ ਦੀ ਜਾਣ-ਪਛਾਣ ਹੋਟਲ ਮਾਲਕ ਨਵੀਨ ਨਾਲ ਹੋਈ। ਰਾਤ ਹੋਣ ਕਾਰਨ ਦੋਵੇਂ ਲੜਕੀਆਂ ਹੋਟਲ ਵਿਚ ਰੁਕੀਆਂ।
ਪੀੜਤ ਲੜਕੀ ਨੇ ਦੱਸਿਆ ਕਿ ਹੋਟਲ ਮਾਲਿਕ ਨੇ ਉਸ ਨੂੰ ਧੰਦਾ ਕਰਨ ਲਈ ਕਿਸੇ ਹੋਰ ਹੋਟਲ ਵਿਚ ਜਾਣ ਲਈ ਕਿਹਾ। ਮਨ੍ਹਾ ਕਰਨ ‘ਤੇ ਨਵੀਨ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਲੜਕੀ ਨੇ ਮਾਮਲੇ ਦੀ ਜਾਣਕਾਰੀ ਦਿੱਲੀ ‘ਚ ਰਹਿਣ ਵਾਲੇ ਦੋਸਤ ਨੂੰ ਦਿੱਤੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ। ਪੁਲਿਸ ਨੇ ਬੰਧਕ ਬਣਾਈਆਂ 5 ਕੁੜੀਆਂ ਨੂੰ ਹੋਟਲ ਤੋਂ ਛੁਡਵਾਇਆ। ਸਿਟੀ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਹੋਟਲ ਮਾਲਕ ਨਵੀਨ ਅਤੇ ਇਕ ਹੋਰ ਵਿਅਕਤੀ ਬੀਰੇਂਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।