

11ਤੇ 12 ਪੋਹ ਦੀਆਂ ਠੰਡੀਆ ਰਾਤਾਂ ਅੱਜ ਮਾਤਾ ਗੁਜਰੀ ਤੇ ਸਾਹਿਬਯਾਦਿਆ ਦੀ ਠੰਡੇ ਬੁਰਜ ਵਿੱਚ ਆਖਰੀ ਰਾਤ ਸੀ 🙏

ਪੋਹ ਮਹੀਨੇ ਦੀਆਂ ਕੜਾਕੇ ਠੰਢੀਆਂ ਰਾਤਾਂ ਵਿੱਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ, ਮਾਤਾ ਗੁਜਰੀ ਜੀ ਅਤੇ ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹੁਕਮਾਂ ‘ਤੇ ਠੰਢੇ ਬੁਰਜ ਵਿਚ ਕੈਦ ਕਰਕੇ ਰੱਖਿਆ ਗਿਆ ਸੀ। ਜ਼ਿਕਰ ਮਿਲਦਾ ਹੈ ਕਿ ਉਸ ਸਮੇਂ ਠੰਢੇ ਬੁਰਜ ਨੂੰ ‘ਰਾਬ ਬੁਰਦੇ ਬੁਰਜ’ ਕਿਹਾ ਜਾਂਦਾ ਸੀ ਜੋ ਹੰਸਲਾ ਨਦੀ ਦੇ ਕੰਢੇ ‘ਤੇ ਸੀ। ਇਸ ਬੁਰਜ ਦੀ ਖ਼ਾਸੀਅਤ ਇਹ ਸੀ ਕਿ ਇਹ ਬੁਰਜ ਗਰਮੀਆਂ ਦੇ ਮੌਸਮ ਵਿੱਚ ਵੀ ਕਾਫੀ ਠੰਢਾ ਰਹਿੰਦਾ ਸੀ ਜੋ ਪੋਹ ਦੇ ਮਹੀਨੇ ਵਿੱਚ ਤਾਂ ਪੂਰਾ ਯਖ਼ ਸੀ। ਵਜ਼ੀਰ ਖ਼ਾਨ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਇੱਕ ਪ੍ਰਕਾਰ ਦੇ ਤਸੀਹੇ ਦੇਣ ਲਈ ਹੀ ਇਸ ਅਸਥਾਨ ਨੂੰ ਚੁਣਿਆ ਸੀ। ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਵਡੇਰਿਆਂ ਦੀਆਂ ਸਾਖੀਆਂ ਸੁਣਾਉਂਦਿਆਂ ਠੰਢੇ ਬੁਰਜ ਵਿੱਚ ਬਿਨਾਂ ਗਰਮ ਕੱਪੜਿਆਂ ਤੋਂ ਭਾਣੇ ਵਿੱਚ ਰਾਤ ਬਤੀਤ ਕੀਤੀ। ਠੰਢਾ ਬੁਰਜ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਦਰਦਨਾਕ ਅਤੇ ਅਹਿਮ ਸਥਾਨ ਹੈ। ਇਹ ਸਥਾਨ ਸਿੱਖਾਂ ਲਈ ਅਥਾਹ ਸ਼ਰਧਾ ਅਤੇ ਪ੍ਰੇਰਨਾ ਦਾ ਸਰੋਤ ਹੈ, ਜੋ ਜ਼ੁਲਮ ਵਿਰੁੱਧ ਦ੍ਰਿੜ੍ਹਤਾ ਅਤੇ ਧਰਮ ਪ੍ਰਤੀ ਅਡੋਲ ਨਿਸ਼ਠਾ ਦੀ ਯਾਦ ਦਿਵਾਉਂਦਾ ਹੈ।
ਅੱਜ ਦੇ ਦਿਨ ੧੧ ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ‘ਚ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ । ਸੂਬੇ ਦੀ ਕਚਹਿਰੀ ‘ਚ ਦਾਖ਼ਲ ਹੁੰਦਿਆਂ ਸਾਰ ਛੋਟੇ ਸਾਹਿਬਜ਼ਾਦਿਆਂ ਨੇ ਚੜ੍ਹਦੀਕਲਾ ‘ਚ ਫ਼ਤਿਹ ਗਜਾਈ । ਵਜ਼ੀਰ ਖ਼ਾਨ ਨੇ ਗੁਰੂ ਜੀ ਦੇ ਫ਼ਰਜ਼ੰਦਾਂ ਨੂੰ ਆਪਣਾ ਧਰਮ ਤਿਆਗ ਦੇਣ ਤੇ ਇਸਲਾਮ ਕਬੂਲ ਕਰਨ ਲਈ ਅਨੇਕਾਂ ਲਾਲਚ ਅਤੇ ਡਰਾਵੇ ਦਿੱਤੇ, ਪਰ ਇੰਨੀ ਛੋਟੀ ਉਮਰ ਵਿੱਚ ਵੀ ਸਾਹਿਬਜ਼ਾਦਿਆਂ ਨੇ ਬੜੀ ਹੀ ਨਿਡਰਤਾ ਨਾਲ ਹਰ ਲਾਲਚ ਅਤੇ ਡਰ ਨੂੰ ਠੁਕਰਾਉਂਦੇ ਹੋਏ ਆਪਣੇ ਧਰਮ ‘ਤੇ ਅਟੱਲ ਰਹਿਣ ਦਾ ਫੈਸਲਾ ਸੁਣਾਇਆ । ਛੋਟੇ ਸਾਹਿਬਜ਼ਾਦਿਆਂ ਦੀ ਇਸ ਦ੍ਰਿੜਤਾ ਅਤੇ ਜਜ਼ਬੇ ਨੂੰ ਕੋਟਿ-ਕੋਟਿ ਪ੍ਰਣਾਮ..।

੧੨ ਪੋਹ — ਸਰਹਿੰਦ ਦੀ ਸੂਬੇ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਦਾ ਦੂਜਾ ਦਿਨ।
ਸਫ਼ਰ-ਏ-ਸ਼ਹਾਦਤ (੧੨ ਪੋਹ, 26 ਦਸੰਬਰ)
ਇਤਿਹਾਸ ਵਿੱਚ ਅੱਜ ਦੇ ਦਿਨ ਸੂਬੇ ਦੀ ਕਚਿਹਰੀ ਵਿੱਚ ਸਾਹਿਬਜ਼ਾਦਿਆਂ ਦੀ ਦੂਜੀ ਪੇਸ਼ੀ ਸੀ, ਲਗਾਤਾਰ ਧਮਕੀਆਂ, ਲਾਲਚ ਅਤੇ ਸਖ਼ਤ ਪ੍ਰੀਖਿਆਵਾਂ ਦੇ ਬਾਵਜੂਦ ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਅਤੇ ਫਤਹਿ ਸਿੰਘ ਜੀ ਆਪਣੇ ਧਰਮ ਤੋਂ ਰਤਾ ਭਰ ਵੀ ਨਹੀਂ ਡਿਗੇ। ਮਾਸੂਮ ਉਮਰ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਉੱਤੇ ਅਟੱਲ ਰਹਿੰਦਿਆਂ, ਉਨ੍ਹਾਂ ਨੇ ਸੱਚ, ਸਬਰ ਅਤੇ ਅਡਿੱਗ ਵਿਸ਼ਵਾਸ ਦੀ ਅਦਭੁੱਤ ਮਿਸਾਲ ਕਾਇਮ ਕੀਤੀ। ਸਾਹਿਬਜ਼ਾਦਿਆਂ ਦੀ ਦਲੇਰੀ ,ਚੜ੍ਹਦੀਕਲਾ ਵਿੱਚ ਅਤੇ ਜੋਸ਼ ਦੇਖ ਕੇ ਅੱਗੇ ਸੂਬੇ ਦੀ ਵਾਹ ਨਾ ਚੱਲੀ ਅੱਗ-ਬਬੂਲਾ ਹੋ ਗਿਆ ਅਤੇ ਉਨ੍ਹਾਂ ਨੂੰ ਫਿਰ ਤੋਂ ਡਰਾਉਣ ਧਮਕਾਉਣ ਲੱਗਾ, ਪਰ ਸਾਹਿਬਜ਼ਾਦੇ ਅਡੋਲ ਰਹੇ ਅਤੇ ਵਜ਼ੀਰ ਖ਼ਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਹਰ ਤਰੀਕੇ ਈਨ ਮਨਵਾਉਣ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਆਪਣੀ ਹਾਰ ਨਾ ਸਹਾਰਦੇ ਹੋਏ ਸੂਬੇ ਨੇ ਉਨ੍ਹਾਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚਿਣੇ ਜਾਣ ਦਾ ਹੁਕਮ ਸੁਣਾ ਦਿੱਤਾ । ਬਾਅਦ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ‘ਚ ਚਿਣਨ ਦਾ ਫ਼ਤਵਾ ਸੁਣਾ ਦਿੱਤਾ ਗਿਆ । ਅੱਜ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਠੰਡੇ ਬੁਰਜ ‘ਚ ਆਖਰੀ ਰਾਤ ਸੀ । ਨਿੱਕੀਆਂ ਜਿੰਦਾਂ ਦੇ ਦ੍ਰਿੜ ਸਿੱਖੀ ਸਿਦਕ ਨੂੰ ਕੋਟਿ-ਕੋਟਿ ਪ੍ਰਣਾਮ ।










