EntertainmentPunjabReligious

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਸ਼ਸ਼ੋਭਿਤ ਹੁੰਦੇ ਗੁਲਦਸਤਿਆਂ ਦਾ ਖ਼ੂਬਸੂਰਤ ਇਤਿਹਾਸ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮੇਸ਼ਾਂ ਸਭ ਤੋਂ ਅੱਗੇ ਫੁੱਲਾਂ ਦੇ ਦੋ ਅਤਿ ਸੁੰਦਰ ਗੁਲਦਸਤੇ ਦਿਖਾਈ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਇਹ ਗੁਲਦਸਤੇ ਪੰਜਾਬੀ ਸਾਹਿਤ ਦੇ ਭੀਸ਼ਮ ਪਿਤਾਮਾ ਭਾਈ ਵੀਰ ਸਿੰਘ ਦੇ ਅੰਮ੍ਰਿਤਸਰ ਸਥਿਤ ਅਸਥਾਨ ਵਿਖੇ ਬਣੀ ਬਗੀਚੀ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਰੋਜ਼ਾਨਾ ਫੁੱਲਾਂ ਦੇ 2 ਗੁਲਦਸਤੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਹਨ। ਭਾਈ ਵੀਰ ਸਿੰਘ ਵੱਲੋਂ ਅਨੇਕਾਂ ਵਰਿਆ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਉਨ੍ਹਾਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਇਹ ਸੇਵਾ ਜਾਰੀ ਰੱਖੀ ਗਈ ਤੇ ਉਨ੍ਹਾਂ ਤੋਂ ਬਾਆਦ ਉਨ੍ਹਾਂ ਦੀ ਕਰੀਬੀ ਸਾਥਣ ਭਜਨ ਕੌਰ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ।

ਭਾਈ ਵੀਰ ਸਿੰਘ ਦੇ ਇਸ ਅਸਥਾਨ ‘ਤੇ ਅਨੇਕਾਂ ਕਿਸਮਾਂ ਦੇ ਫੁੱਲਾਂ ਦੀ ਖੇਤੀ ਭਾਈ ਸਾਹਿਬ ਦੇ ਸਮੇਂ ਤੋਂ ਹੀ ਕੀਤੀ ਜਾਂਦੀ ਹੈ। ਹਾਲਾਂਕਿ ਪਹਿਲਾਂ ਫੁੱਲਾਂ ਦੀ ਬਹੁਤਾਤ ਹੋਣ ਕਾਰਨ 5 ਗੁਲਦਸਤੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਸਨ ਪਰ ਸਮੇਂ ਦੇ ਨਾਲ ਨਾਲ ਫੁੱਲਾਂ ਦੀ ਕਮੀ ਆਈ ਪਰ ਫੇਰ ਵੀ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਬਜ਼ੁਰਗ ਬੀਬੀ ਭਜਨ ਕੌਰ 76 ਵਰ੍ਹਿਆਂ ਦੀ ਵਡੇਰੀ ਉਮਰ ਦੇ ਬਾਵਜੂਦ ਰੋਜ਼ਾਨਾ ਸਵੇਰੇ 3 ਵਜੇ ਫੁੱਲਾਂ ਦੇ ਗੁਲਦਸਤੇ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਜਾਂਦੀ ਹੈ।

 

ਜਿਥੇ 2 ਮਾਲੀ ਫੁੱਲਾਂ ਦੀ ਬਗੀਚੀ ਦੀ ਸਾਂਭ ਸੰਭਾਲ ਕਰਦੇ ਹਨ ਉਥੇ ਹੀ ਗੁਲਦਸਤੇ ਤਿਆਰ ਕਰਨ ਦੀ ਸੇਵਾ ਇਕ ਹੋਰ ਮਾਲੀ ਨਿਭਾਉਂਦਾ ਹੈ। ਰੋਜ਼ਾਨਾ ਤਾਜ਼ੇ ਫੁੱਲ ਤੋੜ ਕੇ ਸ਼ਾਮ ਵੇਲੇ ਬੀਬੀ ਭਜਨ ਕੌਰ ਦੀ ਦੇਖ ਰੇਖ ‘ਚ ਮਾਲੀ ਵੱਲੋਂ 2 ਗੁਲਦਸਤੇ ਤਿਆਰ ਕੀਤੇ ਜਾਂਦੇ ਹਨ ਤੇ ਹਰ ਰੋਜ਼ ਸਵੇਰੇ 2.45 ਵਜੇ ਬੀਬੀ ਭਜਨ ਕੌਰ ਆਪਣੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੁੰਦੀ ਹੈ ਤੇ ਬਹੁਤ ਸ਼ਰਧਾ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਗੁਲਦਸਤੇ ਸੁਸ਼ੋਭਿਤ ਕੀਤੇ ਜਾਂਦੇ ਹਨ।

ਭਾਵੇਂ ਕਰੋਨਾ ਕਾਲ ਦੌਰਾਨ ਸਾਰੀ ਦੁਨੀਆ ਦੀ ਰਫ਼ਤਾਰ ਨੂੰ ਬਰੇਕਾਂ ਲੱਗੀਆਂ ਸਨ ਪਰ ਫੇਰ ਵੀ ਭਜਨ ਕੌਰ ਨੇ ਇਹ ਸੇਵਾ ਜਾਰੀ ਰੱਖੀ ਇਥੋਂ ਤਕ ਕੇ 1984 ‘ਚ ਜਦੋਂ ਭਾਰਤੀ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਤਾਂ ਵੀ ਵਰਦੀਆਂ ਗੋਲੀਆਂ ‘ਚ ਵੀ ਇਹ ਸੇਵਾ ਜਾਰੀ ਰਹੀ ਸੀ। ਬੀਬੀ ਭਜਨ ਕੌਰ ਅਨੁਸਾਰ ਇਹ ਸੇਵਾ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਾਰੀ ਹੈ ਤੇ ਉਹ ਆਪਣੇ ਅਖੀਰਲੇ ਸਾਹ ਤਕ ਜਾਰੀ ਰੱਖਣਗੇ।

Leave a Reply

Your email address will not be published. Required fields are marked *

Back to top button