HealthPunjab

ਪੰਜਾਬ ਦੇ ਸਿਹਤ ਮੰਤਰੀ ਨੇ ਆਪਣਾ ਘਰ ਆਪਣੀ ਸਰਕਾਰ ਨੂੰ ਮੁਫ਼ਤ ‘ਚ ਦਿੱਤਾ, ਜਾਣੋ ਵਜ੍ਹਾ !

Punjab Health Minister gives his house to his government for free

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਜੱਦੀ ਪਿੰਡ ਭੌਰਾ ਵਿਖੇ ਸਥਿਤ ਘਰ ਨੂੰ ਆਮ ਆਦਮੀ ਕਲੀਨਿਕ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਿੱਤਾ ਹੈ, ਜਿਸ ਦੀ ਲਿਖਤੀ ਸਹਿਮਤੀ ‘ਤੇ ਅੱਜ ਇਥੇ ਸਿਹਤ ਮੰਤਰੀ ਅਤੇ ਸੁੱਜੋ ਦੇ ਐੱਸ. ਐੱਮ. ਓ. ਵਿਚਾਲੇ ਸਹੀ ਪਾਈ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਘਰ ਮੁਫ਼ਤ ਪੰਜਾਬ ਸਰਕਾਰ ਨੂੰ ਦਿੱਤਾ ਹੈ, ਜਿੱਥੇ ਜਲਦ ਹੀ ਆਮ ਆਦਮੀ ਕਲੀਨਿਕ ਸਥਾਪਤ ਹੋਣ ਨਾਲ ਲਾਗਲੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲਣਗੀਆਂ। 

ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਖੇ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਤਾਇਨਾਤੀ ਨਾਲ ਮੁਫ਼ਤ ਦਵਾਈਆਂ ਦੀ ਵਿਵਸਥਾ ਤੋਂ ਇਲਾਵਾ ਲੋਕਾਂ ਦੇ ਰੋਜ਼ਾਨਾ ਦੇ ਮੈਡੀਕਲ ਟੈਸਟ ਲਈ ਵੀ ਸੈਂਪਲ ਲਏ ਜਾਣਗੇ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਵੱਡਾ ਲਾਭ ਹੋਵੇਗਾ। ਆਮ ਆਦਮੀ ਕਲੀਨਿਕਾਂ ਬਾਰੇ ਜਾਣਕਾਰੀ ਦਿੰਦੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿੱਥੇ ਹੁਣ ਤੱਕ ਓ. ਪੀ. ਡੀ. ਦੀ ਗਿਣਤੀ 4.04 ਕਰੋੜ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕਲੀਨਿਕ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਏ ਹਨ। 

ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ 19 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ ਜਲਦ ਹੀ ਪਿੰਡ ਭੌਰਾ ਅਤੇ ਨਵਾਂਸ਼ਹਿਰ ਸਬ ਡਿਵੀਜ਼ਨ ਦੇ ਸ਼ਹਿਰ ਖੇਤਰ ‘ਚ 3 ਹੋਰ ਕਲੀਨਿਕ ਖੋਲ੍ਹਣ ਨਾਲ ਇਹ ਗਿਣਤੀ 23 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੂਰੀ ਵਚਨਬੱਧਤਾ ਨਾਲ ਪੂਰਾ ਕਰ ਰਹੀ ਹੈ। 

Back to top button