ਜਲੰਧਰ ‘ਚ ਡਿੱਗਿਆ ਰਾਵਣ ਦਾ ਪੁਤਲਾ, ਟੁੱਟ ਗਈ ਗਰਦਨ, ਮੱਚਿਆ ਚੀਕ-ਚਿਹਾੜਾ, ਪਿਆ ਭੜਥੂ, ਪੁਲਿਸ ਅਲਰਟ
Ravana effigy falls in Jalandhar, causing uproar and chaos

Ravana effigy falls in Jalandhar, causing uproar and chaos
ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਰਾਵਣ ਦਹਨ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਉਪਕਾਰ ਨਗਰ ਵਿੱਚ ਪੁਤਲੇ ਨੂੰ ਅੱਗ ਲਗਾਉਂਦੇ ਹੀ ਪਟਾਖੇ ਫੱਟੇ, ਜਿਸ ਕਾਰਨ ਚੀਫ਼ ਗੈਸਟ ਬਾਬਾ ਮੀਨਾ ਸ਼ਾਹ ਵਾਲ-ਵਾਲ ਬਚੇ। ਅਜਿਹਾ ਹੀ ਕੁੱਝ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਦੁਪਹਿਰ ਨੂੰ ਤੇਜ਼ ਹਵਾ ਚੱਲਣ ਕਰਕੇ ਰਾਵਣ ਦਾ ਪੁਤਲਾ ਡਿੱਗ ਗਿਆ ਸੀ ਤੇ ਲੋਕ ਵਾਲ-ਵਾਲ ਬਚੇ।
ਜਲੰਧਰ ਛਾਉਣੀ ਦੇ ਦੁਸਹਿਰਾ ਗ੍ਰਾਊਂਡ ‘ਚ ਖੜੇ ਰਾਵਣ ਦੇ ਪੁਤਲੇ ਦੀ ਗਰਦਨ ਅਚਾਨਕ ਟੁੱਟ ਗਈ। ਇਸ ਦੌਰਾਨ ਆਸਾਨਾ ਉੱਤੇ ਤੇਜ਼ ਕਾਲੇ ਬੱਦਲ ਛਾ ਗਏ ਅਤੇ ਮੌਸਮ ਵਿੱਚ ਬਦਲਾਅ ਕਰਕੇ ਤੇਜ਼ ਹਵਾ ਚੱਲਣ ਲੱਗ ਪਈ। ਹਲਕੀ ਬੂੰਦਾਬਾਂਦੀ ਵੀ ਹੋਈ। ਤੀਬਰ ਹਵਾ ਕਾਰਨ ਰਾਵਣ ਦਾ ਪੁਤਲਾ ਮੂਧੇ ਮੂੰਹ ਡਿੱਗ ਗਿਆ। ਜਿਸ ਕਰਕੇ ਮੈਦਾਨ ਦੇ ਵਿੱਚ ਹਫੜਾ-ਦਫੜੀ ਮੱਚ ਗਈ।
ਇਸ ਦੌਰਾਨ, ਬਹੁਤ ਸਾਰੇ ਲੋਕ ਰਾਵਣ ਦੀ ਪੂਜਾ ਕਰ ਰਹੇ ਸਨ, ਅਤੇ ਕੁਝ ਸੈਲਫੀ ਲੈਣ ਵਿੱਚ ਰੁੱਝੇ ਹੋਏ ਸਨ। ਜਿਵੇਂ ਹੀ ਪੁਤਲਾ ਡਿੱਗਿਆ, ਉਹ ਡਰ ਗਏ ਅਤੇ ਦੂਰ ਸੁਰੱਖਿਅਤ ਥਾਵਾਂ ਤੇ ਭੱਜਣ ਲੱਗੇ। ਹਾਲਾਂਕਿ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਲੰਧਰ (Jalandhar) ਦਾ ਸਭ ਤੋਂ ਉੱਚਾ ਪੁਤਲਾ, ਜਿਸਦੀ ਲੰਬਾਈ 100 ਫੁੱਟ ਹੈ, ਇੱਕ ਸਕੂਲ ਵਿੱਚ ਸਾੜਿਆ ਜਾਵੇਗਾ। ਇਹ ਸਮਾਗਮ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੁਆਰਾ ਆਯੋਜਿਤ ਕੀਤਾ ਗਿਆ ਹੈ। ਰਾਵਣ ਦਹਿਨ ਨਾਲ ਸਬੰਧਤ ਸਮਾਗਮ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ ਸਾਈਂ ਦਾਸ ਸਕੂਲ ਸਮੇਤ ਸਾਰੇ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ। ਇਸ ਤੋਂ ਪਹਿਲਾਂ, ਭਗਵਾਨ ਰਾਮ, ਸੀਤਾ, ਲਕਸ਼ਮਣ, ਰਾਵਣ ਦੇ ਕਿਰਦਾਰ ਨਿਭਾਅ ਰਹੇ ਅਦਾਕਾਰਾਂ ਵੱਲੋਂ ਯੁੱਧ ਦੀਆਂ ਝਲਕੀਆਂ ਪੇਸ਼ ਕੀਤੀਆਂ ਜਾਣਗੀਆਂ।
ਸੁਰੱਖਿਆ ਦੇ ਪੁਖਤਾ ਪ੍ਰਬੰਧ
ਇਸ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਨੂੰ ਯਕੀਨੀ ਬਣਾਉਣ ਲਈ ਮਾਈ ਹੀਰਾ ਗੇਟ ਰੋਡ ਅਤੇ ਪਟੇਲ ਚੌਕ ‘ਤੇ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇਗੀ।
