ਭਾਰਤੀ ਦਵਾਈ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਖਾਂਸੀ ਸੀਰਪ ਪੀਣ ਨਾਲ ਪੱਛਮੀ ਅਫ਼ਰੀਕੀ ਦੇਸ਼ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਹੋ ਗਈ ਹੈ। ਇਹ ਦਾਅਵਾ ਕਰਨ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ (WHO) ਨੇ ਇਨ੍ਹਾਂ ਖਾਂਸੀ ਸੀਰਪ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਸਥਿਤ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਵਿਸ਼ਵ ਸਿਹਤ ਸੰਗਠਨ (WHO) ਨੇ ਬੁੱਧਵਾਰ ਨੂੰ ਭਾਰਤ ਦੀ ਫਾਰਮਾਸਿਊਟੀਕਲ ਕੰਪਨੀ ਦੁਆਰਾ ਬਣਾਏ ਗਏ 4 ਕਫ-ਸੀਰਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। WHO ਨੇ ਕਿਹਾ ਕਿ ਇਹ ਉਤਪਾਦ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ। ਉਹ ਸੁਰੱਖਿਅਤ ਨਹੀਂ ਹਨ, ਖਾਸ ਕਰਕੇ ਬੱਚਿਆਂ ਵਿੱਚ, ਇਹਨਾਂ ਦੀ ਵਰਤੋਂ ਤੋਂ ਗੰਭੀਰ ਸਮੱਸਿਆਵਾਂ ਜਾਂ ਮੌਤ ਦਾ ਖਤਰਾ ਹੈ।
ਡਬਲਯੂਐਚਓ ਨੇ ਕਿਹਾ ਕਿ ਗਾਂਬੀਆ ਵਿੱਚ 66 ਬੱਚਿਆਂ ਦੀ ਕਿਡਨੀ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਸੰਭਵ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਕਾਰਨ ਬੱਚਿਆਂ ਦੀ ਮੌਤ ਹੋਈ ਹੋਵੇ। ਇਹ ਉਤਪਾਦ ਵਰਤਮਾਨ ਵਿੱਚ ਸਿਰਫ ਗੈਂਬੀਆ ਵਿੱਚ ਮਿਲੇ ਹਨ। ਡਬਲਯੂਐਚਓ ਨੇ ਸਾਰੇ ਦੇਸ਼ਾਂ ਨੂੰ ਇਨ੍ਹਾਂ ਦਵਾਈਆਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਖੁਦ ਇਨ੍ਹਾਂ ਦੇਸ਼ਾਂ ਅਤੇ ਸਬੰਧਤ ਖੇਤਰ ਦੀ ਸਪਲਾਈ ਚੇਨ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਹੈ। WHO ਦੀ ਚੇਤਾਵਨੀ ਤੋਂ ਬਾਅਦ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਤੁਰੰਤ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।