Uncategorized
ਤਾਜਪੋਸ਼ੀ-ਏ-ਰਾਜਕੁਮਾਰ: ਅਕਾਲੀ ਦਲ ਦੀ ਧਾਰਣਾ, “ਮੈਂ ਉਜੜਾ ਪੰਥ ਜੀਵੈ” ਹੁਣ ਬੰਟੀਆਂ ਸੰਟੀਆਂ,ਸੰਨੀਆਂ ਮੰਨੀਆਂ ਜਥੇਦਾਰਾਂ ‘ਚੋ…..!
Coronation -a- prince, Akali Dal's concept, "I live in a deserted panth" but now the bantiyas, saniyas are considered as jathedars.

ਤਾਜਪੋਸ਼ੀ ‘ਚੋ SGPC ਪ੍ਰਧਾਨ ਐਡਵੋਕੇਟ ਧਾਮੀ ਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਗੈਰ ਹਾਜ਼ਰ ਰਹਿਣਾ ਚਿੰਤਾਂ ਦਾ ਵਿਸ਼ਾ !
ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਦੇ ਪੁੱਤਰ ਸਪੁੱਤਰ ਜਦੋਂ ਜਵਾਨ ਹੋ ਜਾਂਦੇ ਸਨ ਤਾਂ ਉਹਨਾਂ ਨੂੰ ਜਨਤਾ ਜਨਾਰਦਨ ਰਾਜਕੁਮਾਰ ਕਹਿ ਕੇ ਪੁਕਾਰਦੇ ਸੀ।ਕਈ ਰਾਜਿਆਂ ਦੇ ਰਾਜਕੁਮਾਰ ਸਪੂਤ ਸਾਬਤ ਹੁੰਦੇ, ਕਈ ਕਪੂਤ ਤੇ ਕਈ ਪੂਤ ਸਾਬਤ ਹੁੰਦੇ ਸਨ।ਅਕਬਰ ਬਾਦਸ਼ਾਹ ਨੇ ਇੱਕ ਵਾਰੀ ਆਪਣੇ ਸਭ ਤੋਂ ਹਾਜ਼ਰ ਜਵਾਬ ਵਜ਼ੀਰ ਬੀਰਬਲ ਨੂੰ ਪੁੱਛਿਆ ਕਿ ਕਪੂਤ, ਸਪੂਤ ਤੇ ਪੂਤ ਵਿੱਚ ਕੀ ਫਰਕ ਹੁੰਦਾ ਹੈ? ਅਕਬਰ ਨੂੰ ਇਹ ਉਮੀਦ ਸੀ ਕਿ ਬੀਰਬਲ ਉਸ ਨੂੰ ਸਪੂਤ ਜਰੁਰ ਦੱਸੇਗਾ ਪਰ ਹਾਜ਼ਰ ਜਵਾਬ ਬੀਰਬਲ ਨੇ ਕਿਹਾ ਕਿ ਬਾਦਸ਼ਾਹ ਸਪੂਤ ਮੈਂ ਹਾਂ।ਬਾਦਸ਼ਾਰ ਪੂਤ ਤੁਸੀ ਹੋ ਤੇ ਕਪੂਤ ਇਹ ਤੁਹਾਡੀ ਮਾਲ਼ਿਸ਼ ਕਰਨਾ ਵਾਲਾ ਸਈਅਦ ਹੈ।ਬਾਦਸ਼ਾਹ ਨੇ ਕਿਹਾ ਕਿ ਬੀਰਬਲ ਇਸ ਨੂੰ ਜਰਾ ਵਿਸਥਾਰ ਨਾਲ ਸਮਝਾਉ ਕਿਉਕਿ ਮੈਂ ਸਪੂਤ ਕਿੳ ਨਹੀ? ਬੀਰਬਲ ਨੇ ਕਿਹਾ ਕਿ ਬਾਦਸ਼ਾਹ ਸਲਾਮਤ ਤੁਸੀ ਇਸ ਕਰਕੇ ਸਪੂਤ ਨਹੀ ਕਿਉਕਿ ਤੁਸੀ ਕੋਈ ਵਿਲੱਖਣ ਤਸਵੀਰ ਪੇਸ਼ ਨਹੀਂ ਕੀਤੀ ਤੇ ਤੁਸੀ ਆਪਣੇ ਪਿਉ ਦੀ ਵਿਰਾਸਤ ਕਰਕੇ ਹੀ ਬਾਦਸ਼ਾਹ ਦੇ ਪੁੱਤਰ ਬਾਦਸ਼ਾਹ ਹੋ ਇਸ ਲਈ ਸਿਰਫ ਆਪਣੇ ਬਾਪ ਦੇ ਪੂਤ ਹੋ। ਮੈਂ ਸਪੂਤ ਕਿਉ ਹਾਂ ਕਿਉਕਿ ਮੈਂ ਇੱਕ ਗਰੀਬ ਤੇ ਸਧਾਰਨ ਬ੍ਰਾਹਮਣ ਦਾ ਪੁੱਤਰ ਹਾਂ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਦੂਸਰੇ ਨੰਬਰ ਦੇ ਆਹੁਦੇ ਤੇ ਬਿਰਾਜਮਾਨ ਹਾਂ ਭਾਵ ਮੁਗਲ ਸਲਤਨਤ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਸੀਨੀਅਰ ਮੰਤਰੀ ਹਾਂ। ਤੁਹਾਡੀ ਮਾਲਿਸ਼ ਕਰਨ ਵਾਲਾ ਸਈਅਦ ਕਪੂਤ ਹੈ ਕਿੳੇੁਕਿ ਮੁਸਲਮਾਨਾਂ ਵਿੱਚ ਸਈਅਦ ਭਾਈਚਾਰੇ ਦਾ ਕਾਫੀ ਸਤਿਕਾਰ ਤੇ ਉਹ ਵਿਦਵਾਨ ਹੁੰਦੇ ਹਨ ਪਰ ਇਹ ਸਈਅਦ ਤੁਹਾਡੀ ਮਾਲਿਸ਼ ਕਰਨ ਦਾ ਕੰਮ ਕਰਦਾ ਹੈ ਤੇ ਆਪਣੀ ਵਿਰਾਸਤ ਨੂੰ ਛੱਡ ਚੁੱਕਾ ਹੈ।ਇਸ ਲਈ ਇਹ ਕਪੂਤ ਹੈ। ਬਾਦਸ਼ਾਹ ਦੀ ਤਸੱਲੀ ਤਾਂ ਹੋ ਗਈ ਪਰ ਉਸ ਸਈਅਦ ਦੇ ਦਿਲ ਨੂੰ ਬੀਰਬਲ ਦੇ ਇਹਨਾਂ ਸ਼ਬਦਾਂ ਨੇ ਕਾਫੀ ਟੁੰਬਿਆ।ਉਸ ਸਈਅਦ ਨੇ ਆਪਣੀ ਵਿਰਾਸਤ ਨੂੰ ਪਛਾਣਿਆ ਤੇ ਤੇਲ ਵਾਲੀਆਂ ਸ਼ੀਸ਼ੀਆਂ ਉਥੇ ਹੀ ਸੁੱਟੀਆਂ ਤੇ ਘਰ ਨੂੰ ਚਲਾ ਗਿਆ।ਆਪਣੀ ਵਿਰਾਸਤ ਦੇ ਕਿੱਤੇ ਮੁਤਾਬਕ ਭਗਤੀ ਸ਼ੁਰੂ ਕੀਤੀ ਤੇ ਵਿਦਵਾਨ ਬਣੇ।ਅਖੀਰ ਵਿੱਚ ਇੰਨੇ ਵੱਡੇ ਵਿਦਵਾਨ ਬਣੇ ਕਿ ਗੁਰੂ ਘਰ ਨਾਲ ਵੀ ਨੇੜਤਾ ਹੋ ਗਈ।ਸਾਈ ਮੀਆਂ ਮੀਰ ਕੋਲੋ ਸਿੱਖ ਧਰਮ ਦੇ ਪਹਿਲੇ ਗੁਰਦੁਆਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਵਿਦਵਤਾ ਕਰਕੇ ਉਹਨਾਂ ਕੋਲੋ ਰੱਖਵਾਈ।ਇਹ ਸਈਅਦ ਹੀ ਆਪਣੀ ਵਿਦਵਤਾ ਕਾਰਨ ਸਾਈ ਮੀਆਂ ਮੀਰ ਬਣੇ ਜੋ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਮਾਲਸ਼ੀ ਸਨ।
ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸ਼ਹੀਦਾਂ, ਮੁਰੀਦਾ ਤੇ ਮਰਜੀਵੜਿਆਂ ਦੀ ਜਥੇਬੰਦੀ ਹੈ ਜਿਸ ਦਾ ਮੁੱਖ ਉਦੇਸ਼ ਇਹ ਹੁੰਦਾ ਸੀ ਕਿ , “ਮੈਂ ਉਜੜਾ ਪੰਥ ਜੀਵੈ” ਪਰ ਇਹ ਧਾਰਣਾ ਅੱਜ ਕਲ ਮੌਜੁਦਾ ਬੰਟੀਆਂ ਸੰਟੀਆਂ, ਸੰਨੀਆਂ ਮੰਨੀਆਂ ਜਥੇਦਾਰਾਂ ਵਿੱਚੋ ਪਰ ਲਗਾ ਕੇ ਉੱਡ ਚੁੱਕੀ ਹੈ ਤੇ ਉਹ ਜਿਹੋ ਜਿਹੇ ਨਾਮ ਉਹੋ ਜਿਹੇ ਪਦਾਰਥਵਾਦੀ ਸੱਤਾ ਦੇ ਭੁੱਖੇ ਹੋ ਗਏ ਹਨ ਜਿਹਨਾਂ ਦਾ ਟੀਚਾ ਕੁਰਬਾਨੀ ਕਰਨਾ ਨਹੀ ਸਗੋਂ ਕੁਰਸੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹਾਸਲ ਕਰਨਾ ਹੈ।ਇਹ ਲੋਕ ਸੇਵਾਦਾਰ ਨਹੀ ਸਗੋਂ ਸੇਵਾਦਾਰੀ ਦਾ ਚੋਲਾ ਪਾ ਕੇ ਬਹੁਰੂਪੀਏ ਵਪਾਰੀ ਲੋਕ ਹਨ।ਇਹਨਾਂ ਦਾ ਮੁੱਖ ਕਿੱਤਾ ਪੰਥ ਦੀ ਆੜ ਹੇਠ ਮਾਇਆ ਦੇ ਅੰਬਾਰ ਇਕੱਠੇ ਕਰਨਾ ਹੈ।ਇਹਨਾਂ ਮੌਕਾ ਸ਼ਨਾਖਤ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਠੀਕ ਇਹ ਹੀ ਕਿਹਾ ਜਾ ਸਕਦਾ ਹੈ ਕਿ ਸ਼ੇਰ ਦੀ ਖੱਲ ਵਿੱਚ ਭੇੜੀਏ ਹਨ।
ਸੁਖਬੀਰ ਸਿੰਘ ਬਾਦਲ, ਜਿਸ ਨੂੰ ਬਾਦਲ ਦਲੀਆਂ ਦਾ ਰਾਜਕੁਮਾਰ ਵੀ ਕਿਹਾ ਜਾਂਦਾ ਹੈ ਦੀ ਪ੍ਰਧਾਨਗੀ ਦੀ ਤਾਜਪੋਸ਼ੀ ਬੀਤੇ ਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਹਾਲ ਵਿੱਚ ਹੋਈ।ਸੁਖਬੀਰ ਸਿੰਘ ਬਾਦਲ 2008 ਵਿੱਚ ਪਹਿਲੀ ਵਾਰੀ ਇਸੇ ਹੀ ਹਾਲ ਵਿੱਚ ਪ੍ਰਧਾਨ ਬਣੇ ਸਨ ਤਾਂ ਉਸ ਵੇਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਅਸਤੀਫਾ ਦਿੱਤਾ ਕਿ ਫਿਰ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਲਈ ਨਾਮ ਸ੍ਰ ਬਾਦਲ ਦੇ ਕੱਦ ਬੁੱਤ ਦੇ ਆਗੂ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੇਸ਼ ਕੀਤਾ ਜਦ ਕਿ ਇਸ ਦੀ ਤਾਈਦ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਕੀਤੀ।ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੂੰ ਇੰਨੀ ਚੜ੍ਹ ਗਈ ਕਿ ਇੱਕ ਵਾਰੀ ਨਿਰਮਲ ਸਿੰਘ ਕਾਹਲੋਂ ਨੇ ਬਜ਼ੁਰਗ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਨੂੰ “ਕਾਕਾ ਜੀ” ਕਹਿ ਕੇ ਬੁਲਾਇਆ ਤਾਂ ਸੁਖਬੀਰ ਸਿੰਘ ਬਾਦਲ ਨੇ ਉਸ ਬਜ਼ੁਰਗ ਦੀ ਬੁਇੱਜ਼ਤੀ ਕਰਦਿਆ ਇਥੋਂ ਤੱਕ ਕਹਿ ਦਿੱਤਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ , “ ਮੈਂ ਜਿਥੇ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਹਾਂ ਉਸ ਦੇ ਨਾਲ ਅਕਾਲੀ ਦਲ ਦਾ ਪੋ੍ਰਧਾਨ ਵੀ ਹਾਂ।” ਉਸ ਬਜ਼ੁਰਗ ਦੀ ਬੇਇੱਜ਼ਤੀ ਹੀ ਉਸ ਦੀ ਮੌਤ ਦਾ ਕਾਰਨ ਬਣੀ।
ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੀ ਤਾਜਪੋਸ਼ੀ ਤੋ ਬਾਅਦ ਜਿਥੇ ਵਿਰੋਧੀਆਂ ‘ਤੇ ਹਮਲੇ ਕੀਤੇ ਉਥੇ ਹੀ ਤਖਤਾਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਤਖਤਾਂ ਦੇ ਜਥੇਦਾਰਾਂ ਨੂੰ ਕੇਂਦਰ ਦੇ ਟਾਊਟ ਦੱਸ ਕੇ ਇੱਕ ਵਾਰੀ ਫਿਰ ਅਕਾਲ ਤਖਤ ਦੀ ਆਭਾ ‘ਤੇ ਹਮਲਾ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਉਹ ਧੰਨਵਾਦ ਕਰਦੇ ਹਨ ਕਿ ਜਿਸ ਨੇ ਕੇਂਦਰ ਦੇ ਟਾਊਟਾਂ ਨੂੰ ਲਾਂਭੇ ਕਰਕੇ ਤਖਤਾਂ ਨੁੰ ਬਚਾ ਲਿਆ।ਆਪਣੇ ਪੂਰੇ ਭਾਸ਼ਣ ਵਿੱਚ ਉਹਨਾਂ ਨੇ ਆਪਣੇ ਭਾਸ਼ਨ ਵਿੱਚ ਅਕਾਲੀ ਦਲ ਦੀ 2027 ਵਿੱਚ ਸਰਕਾਰ ਬਣਾਉਣ ਦੇ 27 ਵਾਰੀ ਹਾੜੇ ਕੱਢੇ। ਅਕਾਲੀ ਆਗੂ ਤੇ ਬਾਦਲ ਭਗਤ ਸੁੱਚਾ ਸਿੰਘ ਲੰਗਾਹ ਨੇ ਇੱਕ ਗੱਲਬਾਤ ਵਿੱਚ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਨਹੀ ਸਗੋਂ ਅਕਾਲੀ ਦਲ ਨੂੰ ਬਚਾਉਣ ਦੀ ਲੋੜ ਹੈ ਜੇਕਰ ਅਕਾਲੀ ਦਲ ਨਾ ਬਚਿਆ ਤਾਂ ਫਿਰ ਸਭ ਕੁਝ ਤਹਿਸ ਨਹਿਸ਼ ਹੋ ਜਾਵੇਗਾ।ਸਰਕਾਰ ਬਣੇ ਨਾ ਬਣੇ ਪਰ ਪਾਰਟੀ ਦੀ ਹੋਂਦ ਬਚਾੳਣ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਇਹ ਵੀ ਕਿਹਾ ਕਿ ਸਾਡੀਆਂ ਸੰਸਥਾਵਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ ਕਿਉਕ ਅਸੀ ਕਈ ਧੜਿਆਂ ਵਿੱਚ ਵੰਡੇ ਹੋਏ ਹਾਂ ਜਿਸ ਲਈ ਪੰਥਕ ਏਕਤਾ ਬਹੁਤ ਜ਼ਰੂਰੀ ਹੈ।
ਤਾਜਪੋਸ਼ੀ-ਏ-ਰਾਜਕੁਮਾਰ ਸਮਾਗਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਕਈ ਮਤੇ ਵੀ ਪਾਸ ਕੀਤੇ ਗਏ ਜਿਸ ਵਿੱਚ ਉਹ ਮਸਲੇ ਵੀ ਰੱਖੇ ਗਏ ਜਿਹਨਾਂ ਦੀ ਖਾਤਰ ਅਕਾਲੀ ਦਲ ਦੇ ਵਰਕਰ ਜੇਲਾਂ ਵੀ ਭਰਦੇ ਰਹੇ। ਇਹਨਾਂ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਭਾਖੜਾ ਡੈਮ ਪੰਜਾਬ ਦੇ ਹਵਾਲੇ ਕਰਨ, ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਤੇ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਲਗਾਇਆ ਗਿਆ ਕਿ ਅਕਾਲ ਤਖਤ ਤੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰੇ ਏ ਕੌਮ ਪੰਥ ਰਤਨ ਜਿਹੜਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਵਾਪਸ ਲਿਆ ਗਿਆ ਉਸ ਨੂੰ ਬਾਦਲ ਪਰਿਵਾਰ ਦੇ ਮੁੜ ਹਵਾਲੇ ਕੀਤਾ ਜਾਵੇ।ਪੰਜਾਬ ਦੀਆਂ ਮੰਗਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 15 ਸਾਲ ਅਕਾਲੀ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਰਹੀ ਪਰ ਇਹਨਾਂ ਬਾਦਲ ਦਲੀਆ ਨੂੰ ਉਸ ਵੇਲੇ ਕਦੇ ਚੇਤਾ ਨਹੀ ਆਇਆ।ਮੱਤੇ ਪਾਸ ਕਰਨ ਦੀ ਗੱਲ ਕਰਦਿਆ ਇੱਕ ਵਾਰੀ ਜਦੋਂ ਸਿੱਖ ਪੰਥ ਵਿੱਚ “ਲੋਹ ਪੁਰਸ਼” ਵਜੋਂ ਜਾਣੇ ਜਾਂਦੇ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 2000 ਨਵੰਬਰ ਵਿੱਚ ਬਣੇ ਸਨ ਤਾਂ ਉਹਨਾਂ ਨੇ ਮਾਰਚ 2001 ਵਿੱਚ ਸ਼੍ਰੋਮਣੀ ਕਮੇਟੀ ਦੇ ਬੱਜਟ ਇਜਲਾਸ ਵਿੱਚ ਮਤੇ ਪੜ੍ਹਣ ਤੋਂ ਇਨਕਾਰ ਕਰਦਿਆ ਲੋਹ ਪੁਰਸ਼ ਨੇ ਨਸੀਹਤ ਕਰਦਿਆ ਕਿਹਾ ਸੀ ਕਿ ਇਹੋ ਜਿਹੇ ਮਤਿਆ ਦੇ ਬੇਸ਼ਕ ਜਿੰਨੇ ਮਰਜ਼ੀ ਗੱਡਿਆ ਦੇ ਗੱਡੇ ਭਰ ਲੳੇ ਜਾਂ ਕੋਠੇ ਭਰ ਲੳੇ ਪਰ ਉਸ ਵੇਲੇ ਤੱਕ ਕੁਝ ਨਹੀ ਹੋਣ ਵਾਲਾ ਜਦੋਂ ਤੱਕ ਸੰਘਰਸ਼ ਨਹੀਂ ਕੀਤਾ ਜਾਂਦਾ।ਸੁਖਬੀਰ ਸਿੰਘ ਬਾਦਲ ਨੂੰ ਅੱਜ 17 ਸਾਲ ਪ੍ਰਧਾਨ ਬਣੇ ਨੂੰ ਹੋ ਗਏ ਹਨ। ਕੀ ਉਹ ਦੱਸ ਸਕਦੇ ਹਨ ਕਿ ਉਹਨਾਂ ਨੇ ਪੰਜਾਬ ਦੀਆਂ ਮੰਗਾਂ ਲਈ ਕੋਈ ਮੋਰਚਾ ਲਾਇਆ? ਜੇਕਰ ਨਹੀਂ ਲਗਾਇਆ ਤਾਂ ਉਹਨਾਂ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਦਾ ਕੀ ਕਾਰਨ ਸੀ? ਧਰਮ ਯੁੱਧ ਮੋਰਚਾ ਜਿਹਨਾਂ ਮੰਗਾਂ ਨੂੰ ਲੈ ਕੇ ਲੱਗਾ ਸੀ ਉਹ ਮੋਰਚਾ ਅੱਜ ਤੱਕ ਨਾ ਤਾਂ ਵਾਪਸ ਲਿਆ ਗਿਆ ਹੈ ਤੇ ਨਾ ਹੀ ਅੱਜ ਤੱਕ ਉਸ ਨੂੰ ਬੰਦ ਕੀਤਾ ਗਿਆ ਹੈ।ਕੀ ਧਰਮ ਯੁੱਧ ਮੋਰਚਾ ਸੁਖਬੀਰ ਸਿੰਘ ਬਾਦਲ ਮੁੜ ਸ਼ੁਰੂ ਕਰਨਗੇ? ਸੁਖਬੀਰ ਸਿੰਘ ਬਾਦਲ ਕਦੇ ਵੀ ਮੋਰਚਾ ਨਹੀਂ ਲਗਾਉਣਗੇ ਕਿਉਕਿ ਉਹ ਸੱਤਾ ਦੇ ਵਣਜਾਰੇ ਤੇ ਸੱਤਾ ਦੇ ਭੁੱਖੇ ਵਪਾਰੀ ਲੋਕ ਹਨ। ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਕਈ ਵਾਰੀ ਕਹਿ ਚੁੱਕੇ ਹਨ ਕਿ ਉਹ ਵਪਾਰੀ ਹਨ ਤੇ ਉਹ ਕਿਸੇ ਨਾਲ ਵੀ ਵਿਗਾੜ ਨਹੀ ਸਕਦੇ।ਇਸੇ ਤਰ੍ਹਾ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੀ ਪੁਸ਼ਤਪਨਾਹੀ ਕਰਦਿਆ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਸਮੇਂ ਅਕਾਲੀ ਦਲ ਨੇ ਆਪਣੀਆਂ ਵੋਟਾਂ ਭਾਜਪਾ ਦੇ ਉਮੀਦਵਾਰਾਂ ਨੂੰਂ ਪਾਈਆਂ ਤਾਂ ਕਿ ਉਹਨਾਂ ਦੇ ਵਪਾਰ ਤੇ ਕੋਈ ਅਸਰ ਨਾ ਪਵੇ।ਜੇਕਰ ਭਾਜਪਾ ਨਾਲ ਸੁਖਬੀਰ ਸਿੰਘ ਬਾਦਲ ਦੀ ਵਿਗੜੀ ਹੂੰਦੀ ਤਾਂ ਉਹਨਾਂ ਦੀਆਂ ਵੀ ਈ ਡੀ ਦੀ ਪੜਤਾਲ ਖੁੱਲ ਸਕਦੀ ਸੀ। ਬਿਕਰਮ ਸਿੰਘ ਮਜੀਠੀਆਂ ਦੀ ਈ ਡੀ ਵਾਲੀ ਫਾਈਲ ਬੰਦ ਨਾ ਹੁੰਦੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁਣ ਤੱਕ 22 ਹੋਏ ਹਨ 19 ਤੇ 20 ਨੰਬਰ ‘ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਆਉਦਾ ਹੈ ਜਦ ਕਿ 21 ਵੇਂ ਵਰਕਿੰਗ ਪ੍ਰਧਾਨ ਸ੍ਰ ਬਲਵਿੰਦਰ ਸਿੰਘ ਭੂੰਦੜ ਹੋਏ ਹਨ। 22 ਵੇ ਪ੍ਰਧਾਨ ਫਿਰ ਸੁਖਬੀਰ ਸਿੰਘ ਬਾਦਲ ਬਣੇ ਹਨ।1995 ਤੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਤੇ 2008 ਤੱਕ ਰਹੇ।1995 ਤੋਂ ਪਹਿਲਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਨ।1995 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਬਰਨਾਲਾ ਨੇ ਆਪਣਾ ਦਲ ਬਾਦਲ ਦਲ ਵਿੱਚ ਸ਼ਾਮਲ ਕਰ ਦਿੱਤਾ ਤੇ ਆਪਣੀ ਮਾਨਤਾ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤੀ ਸੀ ਜਿਸ ਕਾਰਨ ਬਾਦਲ ਨੂੰ ਤੱਕੜੀ ਚੋਣ ਨਿਸ਼ਾਨ ਮਿਿਲਆ। ਅਕਾਲੀ ਦਲ ਕੋਲ ਕਿਸੇ ਵੇਲੇ ਤੀਰ ਕਮਾਨ ਵੀ ਚੋਣ ਨਿਸ਼ਾਨ ਰਿਹਾ ਤੇ ਕਿਸੇ ਸਮੇਂ ਪੰਜਾ ਚੋਣ ਨਿਸ਼ਾਨ ਰਿਹਾ ਤਾਂ ਉਸ ਵੇਲੇ ਅਕਾਲੀ ਇਹ ਕਹਿੰਦੇ ਹੁੰਦੇ ਸੀ ਕਿ ਪੰਜਾ ਉਹਨਾਂ ਨੂੰ ਪੰਜਾ ਸਾਹਿਬ ਤੋ ਮਿਿਲਆ ਹੈ ਪਰ ਅੱਜ ਇਹ ਪੰਜਾ ਕਾਂਗਰਸ ਕੋਲ ਹੈ ਜਿਸ ਨੂੰ ਅਕਾਲੀ “ਖੂਨੀ ਪੰਜਾ” ਦੱਸ ਕੇ ਭੰਡਦੇ ਹਨ।
ਸੁਖਬੀਰ ਸਿੰਘ ਬਾਦਲ ਦੀ ਤਾਜ਼ਪੋਸ਼ੀ ਸਮੇਂ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ।ਸੰਨ 2000 ਵਿੱਚ ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਤੇ ਕੇਂਦਰ ਵਿੱਚ ਭਾਜਪਾ ਦੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਜਿਸ ਵਿੱਚ ਅਕਾਲੀ ਦਲ ਭਾਈਵਾਲ ਸੀ ਤਾਂ ਵਾਜਪਾਈ ਸਾਹਿਬ ਨੇ ਸ੍ਰ ਬਾਦਲ ਨੂੰ ਬੰਦੀ ਸਿੰਘ ਰਿਹਾਅ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਸ੍ਰ ਬਾਦਲ ਨੇ ਕਿਹਾ ਸੀ ਕਿ ਇਹਨਾਂ ਨੂੰ ਰਿਹਾਅ ਕਰਨ ਨਾਲ ਪੰਜਾਬ ਵਿੱਚ ਮੁੜ ਹਾਲਾਤ ਵਿਗੜ ਸਕਦੇ ਹਨ ਤਾਂ ਵਾਜਪਾਈ ਸਾਹਿਬ ਬਾਦਲ ਸਾਬ ਦੀ ਨੀਤੀ ਤੇ ਨੀਅਤ ਨੂੰ ਸਮਝ ਗਏ ਸਨ।ਇਸੇ ਤਰ੍ਹਾ 2008 ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਤੱਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਜਲ਼ੰਧਰ ਦੇ ਜਿਲ਼੍ਹਾ ਪ੍ਰਧਾਨ ਦੇ ਘਰ ਇੱਕ ਮਿਲਣੀ ਦੌਰਾਨ ਸੁਝਾਅ ਦਿੱਤਾ ਸੀ ਕਿ ਬੰਦੀ ਸਿੰਘ ਰਿਹਾਅ ਕਰ ਦਿੱਤੇ ਜਾਣ ਤਾਂ ਸ੍ਰ ਬਾਦਲ ਨੇ ਗੱਲ ਵਿਚਾਲੇ ਹੀ ਟੋਕਦਿਆ ਕਿਹਾ ਸੀ ਕਿ ਜਥੇਦਾਰ ਜੀ ਅਜਿਹਾ ਦੁਬਾਰਾ ਨਹੀਂ ਕਹਿਣਾ ਕਿਉਕਿ ਇਹਨਾ ਦੀ ਰਿਹਾਈ ਸਾਡੇ ਲਈ ਗਲੇ ਦਾ ਫੰਦਾ ਬਣ ਸਕਦੀ ਹੈ।ਦਿੱਲੀ ਸਰਕਾਰ ਦਾ ਰਿਕਾਰਡ ਬੋਲਦਾ ਹੈ ਕਿ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਗੱਲ ਤੱਤਕਾਲੀ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਵੱਲੋ ਕੀਤੀ ਗਈ ਸੀ ਤਾਂ ਉਸ ਵੇਲੇ ਪੰਜਾਬ ਦੀ ਅਕਾਲੀ ਸਰਕਾਰ ਤੇ ਪੰਥ ਦੇ ਬਾਬਾ ਬੋਹੜ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਸਰਕਾਰ ਨੂੰ ਮੋੜਵਾਂ ਜਵਾਬ ਦੇ ਦਿੱਤਾ ਸੀ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਇਸ ਖੂੰਖਾਰ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਰੱਖਿਆ ਨਹੀਂ ਜਾ ਸਕਦਾ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਾਮਲਾ ਉਸ ਵੇਲੇ ਬੜੇ ਹੀ ਅਰਾਮ ਨਾਲ ਹੱਲ ਹੋ ਸਕਦਾ ਸੀ ਜਦੋ ਅਕਾਲੀ ਦਲ ਬਾਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਕੈਬਨਿਟ ਵਿੱਚ ਮੰਤਰੀ ਸੀ ਪਰ ਬਾਦਲ ਦਲ ਦੀ ਇੱਛਾ ਹੀ ਮਸਲਾ ਹੱਲ ਕਰਨ ਦੀ ਕਦੇ ਨਹੀ ਰਹੀ।
ਤਾਜਪੋਸ਼ੀ-ਏ-ਰਾਜਕੁਮਾਰ ਤਾਂ ਜੈਕਾਰਿਆ ਦੀ ਗੂੰਜ ਵਿੱਚ ਹੋ ਗਈ ਪਰ ਇਸ ਤਾਜਪੋਸ਼ੀ ਵਿੱਚੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਗੈਰ ਹਾਜ਼ਰ ਰਹਿਣਾ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ।ਜੇਕਰ 528 ਡੈਲੀਗੇਟਾ ਜਿਹਨਾਂ ਵਿੱਚੋ 468 ਪੰਜਾਬ ਵਿੱਚੋ ਸਨ ਨੇ ਸੁਖਬੀਰ ਬਾਦਲ ਦੀ ਤਾਜਪੋਸ਼ੀ ਕੀਤੀ ਜਿਸ ਵਿੱਚੋਂ ਦੋ ਗੈਰ ਮੁੱਖ ਤੌਰ ‘ਤੇ ਗੈਰ ਹਾਜ਼ਰ ਰਹੇ।ਵੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਬਾਦਲ ਦਾ ਰਾਜਕੁਮਾਰ ਹੁਣ ਪੰਜਾਬ ਲਈ ਪੂਤ, ਸਪੂਤ ਜਾਂ ਫਿਰ ਕਪੂਤ ਸਾਬਤ ਹੁੰਦਾ ਹੈ।ਰੱਬ ਖੈਰ ਕਰੇ!
–
Press Correspondent
Jasbir Singh Patti
Contact 09356024684
Jasbir Singh Patti
Contact 09356024684