ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ 2 ਦਿਨ ਨਗਰ ਕੀਰਤਨ ਸਜਾਉਣ ਦਾ ਐਲਾਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ 2 ਦਿਨ ਨਗਰ ਕੀਰਤਨ ਸਜਾਉਣ ਦਾ ਐਲਾਨ

ਸਿੱਖ ਧਰਮ ਦੇ ਬਾਨੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਬੀਬੀ ਸੁਲੱਖਣੀ ਜੀ ਦੇ ਪਾਵਨ ਵਿਆਹ ਪੁਰਬ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਹਿਮ ਅਤੇ ਇਤਿਹਾਸਕ ਫ਼ੈਸਲਾ ਲੈਂਦਿਆਂ ਇਸ ਵਾਰ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਨਗਰ ਕੀਰਤਨ ਦੋ ਦਿਨਾਂ ਵਿੱਚ ਸਜਾਉਣ ਦਾ ਐਲਾਨ ਕੀਤਾ ਹੈ
ਸਿੱਖ ਆਗੂਆਂ ਨੇ ਦੱਸਿਆ ਕਿ “16 ਸਤੰਬਰ 2026 ਨੂੰ ਸਵੇਰੇ 9 ਵਜੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਇਤਿਹਾਸਕ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਆਰੰਭ ਹੋਵੇਗਾ। ਨਗਰ ਕੀਰਤਨ ਤਲਵੰਡੀ ਪੁਲ ਚੌਕ, ਸ਼ਾਲਾਪੁਰ ਬੇਟ, ਤਲਵੰਡੀ ਚੌਧਰੀਆਂ, ਮੁੰਡੀ ਮੋੜ, ਉੱਚਾ, ਫੱਤੂਢੀਂਘਾ, ਸੈਫਲਾਬਾਦ, ਸੁਰਖਪੁਰ, ਸੰਗੋਜਲਾ, ਜਾਤੀ ਕੇ, ਭੰਡਾਲ ਬੇਟ, ਪੱਡੇ ਬੇਟ, ਧਾਲੀਵਾਲ ਬੇਟ, ਢਿੱਲਵਾਂ ਅਤੇ ਬਿਆਸ ਰਾਹੀਂ ਸ਼ਾਮ ਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇਗਾ, ਜਿੱਥੇ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ।”
2 ਦਿਨਾਂ ਨਗਰ ਕੀਰਤਨ ਕੱਢਣ ਦਾ ਫੈਸਲਾ
ਇਸ ਤੋਂ ਬਾਅਦ 17 ਸਤੰਬਰ ਨੂੰ ਸਵੇਰੇ 7 ਵਜੇ ਨਗਰ ਕੀਰਤਨ ਮੁੜ ਰਵਾਨਾ ਹੋ ਕੇ ਮਹਿਤਾ ਚੌਂਕ, ਅੱਚਲ ਸਾਹਿਬ ਅਤੇ ਬਟਾਲਾ ਸ਼ਹਿਰ ਤੋਂ ਹੁੰਦਾ ਹੋਇਆ ਸ਼ਾਮ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਸਤਿਕਰਤਾਰੀਆ ਸਾਹਿਬ, ਬਟਾਲਾ ਵਿਖੇ ਸੰਪੂਰਨ ਹੋਵੇਗਾ। ਪਿਛਲੇ ਸਾਲ ਇੱਕੋ ਦਿਨ ਵਿੱਚ ਨਗਰ ਕੀਰਤਨ ਬਟਾਲਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਰਸਤੇ ਵਿੱਚ ਲੱਖਾਂ ਸੰਗਤਾਂ ਵੱਲੋਂ ਕੀਤੇ ਗਏ ਸ਼ਰਧਾਪੂਰਵਕ ਸਵਾਗਤ ਕਾਰਨ ਨਗਰ ਕੀਰਤਨ ਅਗਲੇ ਦਿਨ ਤੜਕੇ ਬਟਾਲਾ ਪਹੁੰਚਿਆ। ਇਸੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਨਗਰ ਕੀਰਤਨ ਦੋ ਦਿਨਾਂ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਤਾਂ ਜੋ ਸੰਗਤਾਂ ਵੀ ਆਰਾਮ ਨਾਲ ਸ਼ਾਮਲ ਹੋ ਸਕਣ ਅਤੇ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਹੋ ਸਕਣ।
ਇਨ੍ਹਾਂ ਸਿੱਖ ਆਗੂਆਂ ਨੇ ਕੀਤਾ ਐਲਾਨ
ਇਸ ਸਬੰਧੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਜਥੇਬੰਦੀਆਂ, ਸੰਤ-ਮਹਾਂਪੁਰਸ਼ਾਂ ਅਤੇ ਪ੍ਰਬੰਧਕਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਦੋ ਦਿਨਾਂ ਦਾ ਨਗਰ ਕੀਰਤਨ ਕੱਢਣ ਦਾ ਫ਼ੈਸਲਾ ਜੈਕਾਰਿਆਂ ਦੀ ਗੂੰਜ ਵਿੱਚ ਮਨਜ਼ੂਰ ਕੀਤਾ ਗਿਆ।










