
ਕੇਂਦਰ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਸਦਨ ਨੂੰ ਸੰਬੋਧਨ ਕਰਦਿਆਂ ਦਿੱਤੀ। ਕੈਨੇਡਾ ਦੇ ਸਰੇ ਬਾਰਡਰ ਤੋਂ ਬਾਠ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਂਝੀ ਕਰਦਿਆਂ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ।
ਪਿੰਡ ਮੀਆਂਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਬਾਠ ਖ਼ਿਲਾਫ਼ ਕਤਲ ਅਤੇ ਨਸ਼ਿਆਂ ਦੇ ਕਈ ਮਾਮਲੇ ਦਰਜ ਹਨ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਉਹ ਫ਼ਰਜ਼ੀ ਪਾਸਪੋਰਟ ’ਤੇ ਕੈਨੇਡਾ ਭੱਜ ਗਿਆ ਸੀ।










