
Property dealer shot dead outside gym
ਚੰਡੀਗੜ੍ਹ ਸ਼ਹਿਰ ਦੇ ਸਭ ਤੋਂ ਪੋਸ਼ ਇਲਾਕਿਆਂ ਵਿੱਚੋਂ ਇੱਕ, ਸੈਕਟਰ-9 ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪ੍ਰੋਪਰਟੀ ਡੀਲਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਜਾਨਲੇਵਾ ਹਮਲੇ ਵਿੱਚ ਪ੍ਰੋਪਰਟੀ ਡੀਲਰ ਦੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਚਰਨਜੀਤ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਨਿਊ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਪ੍ਰੋਪਰਟੀ ਡੀਲਿੰਗ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਪੂਰੀ ਤਿਆਰੀ ਨਾਲ ਆਏ ਸਨ ਅਤੇ ਉਨ੍ਹਾਂ ਨੇ ਚਰਨਜੀਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਗਭਗ 10 ਤੋਂ 15 ਰਾਊਂਡ ਫਾਇਰ ਕੀਤੇ। ਗੋਲੀਆਂ ਲੱਗਣ ਕਾਰਨ ਚਰਨਜੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਪੀ.ਜੀ.ਆਈ. ਡਾਕਟਰਾਂ ਨੇ ਐਲਾਨਿਆਂ ਮ੍ਰਿਤਕ
ਘਟਨਾ ਤੋਂ ਤੁਰੰਤ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਹਾਲਤ ਵਿੱਚ ਚਰਨਜੀਤ ਨੂੰ ਇਲਾਜ ਲਈ ਪੀ.ਜੀ.ਆਈ. (PGI) ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਬਦਕਿਸਮਤੀ ਨਾਲ, ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।









