
ਇੰਨੋਸੈਂਟ ਹਾਰਟਸ ਵਿੱਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਮਨਾਇਆ ਗਿਆ ਸੰਵਿਧਾਨ ਦਿਵਸ
ਸੀ.ਬੀ.ਐੱਸ.ਈ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਇੰਨੋਸੈਂਟ ਹਾਰਟਸ ਸਕੂਲ ਦੇ ਪੰਜਾਂ ਕੈਂਪਸਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਵਿੱਚ ਸਕੂਲ ਕਲੱਬਾਂ ਦੇ ਤਹਿਤ ਵੱਖ-ਵੱਖ ਅਰਥਪੂਰਨ ਗਤੀਵਿਧੀਆਂ ਰਾਹੀਂ ਸੰਵਿਧਾਨ ਦਿਵਸ ਮਨਾਇਆ ਗਿਆ।
ਇਸ ਮੌਕੇ ਦਾ ਮੁੱਖ ਆਕਰਸ਼ਣ ਮੌਕ ਪਾਰਲੀਮੈਂਟ (ਸੰਸਦ ਦਾ ਪ੍ਰਤੀਰੂਪ) ਰਿਹਾ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰਦੇ ਹੋਏ ਰਵਾਇਤੀ ਪਹਿਰਾਵਿਆਂ ਵਿੱਚ ਸਜੇ ਵਿਦਿਆਰਥੀਆਂ ਨੇ ਸੰਸਦੀ ਲੋਕਤੰਤਰ ਦੀ ਕਾਰਜਪ੍ਰਣਾਲੀ ਨੂੰ ਦਰਸਾਉਂਦਿਆਂ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਦਾ ਸੁੰਦਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸੰਸਦੀ ਕਾਰਵਾਈ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਲੋਕਤੰਤਰੀ ਰੀਤਾਂ ਪ੍ਰਤੀ ਆਪਣੀ ਸਮਝ ਦਾ ਪ੍ਰਗਟਾਵਾ ਕੀਤਾ।ਬੁੱਕਮਾਰਕ ਬਣਾਉਣ ਦੀ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਸੰਵਿਧਾਨ ਦੇ ਮੁੱਲਾਂ, ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਇਸ ਦੇ ਨਾਲ ਹੀ, ਭਾਰਤੀ ਸੰਵਿਧਾਨ ਨਾਲ ਸਬੰਧਤ ਉਨ੍ਹਾਂ ਦੇ ਗਿਆਨ ਨੂੰ ਪਰਖਣ ਲਈ ਇੱਕ ਗਿਆਨਵਰਧਕ ਪ੍ਰਸ਼ਨੋਤਰੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਵਿਦਿਆਰਥੀਆਂ ਨੇ ਆਪਣੀਆਂ-ਆਪਣੀਆਂ ਕਲਾਸਾਂ ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕੀਤਾ ਅਤੇ ਸਵੇਰ ਦੀ ਸਭਾ ਵਿੱਚ ਸਮੂਹਿਕ ਤੌਰ ’ਤੇ ਸਹੁੰ ਚੁੱਕਦਿਆਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ।ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਅਨੁਭਵਾਤਮਕ ਸਿੱਖਿਆ ਦਾ ਮੌਕਾ ਪ੍ਰਦਾਨ ਕੀਤਾ। ਇਸ ਰਾਹੀਂ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ ਨੂੰ ਸਮਝਣ, ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਕਰਤੱਵਾਂ ਪ੍ਰਤੀ ਜਾਗਰੂਕ ਹੋਣ ਅਤੇ ‘ਵਿਭਿੰਨਤਾ ਵਿੱਚ ਏਕਤਾ’ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਪ੍ਰਾਪਤ ਕੀਤੀ।













