JalandharPunjab

ਆਪ ਮੰਤਰੀ ਨੇ ਕਿਹਾ, ‘ਪ੍ਰਤਾਪ ਸਿੰਘ ਬਾਜਵਾ ਹੁਣ ਪ੍ਰਤਾਪ ਸਿੰਘ ‘ਭਾਜਪਾ’ ਬਣ ਗਏ’

ਪੰਜਾਬ ਦੇ  ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ  ਸਦਨ ਵਿਚ ਹੰਗਾਮਾ ਕਰ ਕਾਰਵਾਈ ਪ੍ਰਭਾਵਿਤ ਕਰਨ ਲਈ ਵਿਰੋਧੀ ਧਿਰ ‘ਤੇ ਵਰ੍ਹਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਭਾਜਪਾ ਨਾਲ ਮਿਲ ਕੇ ਪੰਜਾਬ ਵਿੱਚ ਉਨ੍ਹਾਂ ਦੇ ਨਾਪਾਕ ਏਜੰਡੇ ਨੂੰ ਲਾਗੂ ਕਰਨ ਲਈ ਕੰਮ ਰਹੇ ਹਨ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਵਿਧਾਨ ਸਭਾ ਵਿੱਚ ਹੰਗਾਮਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਸਦਨ ਵਿੱਚ ਦੁਪਹਿਰ 3.30 ਵਜੇ ਤੱਕ ਕੰਮਕਾਜ ਚੱਲਣਾ ਸੀ ਪਰ ਕਾਂਗਰਸ ਸੈਸ਼ਨ ਵਿੱਚ ਕੋਈ ਮੁੱਦਾ ਉਠਾਉਣ ਵਿੱਚ ਅਸਫਲ ਰਹੀ ਅਤੇ ਉਨ੍ਹਾਂ ਨੇ ਬੇਲੋੜੇ ਹੰਗਾਮੇ ਨੂੰ ਤਰਜੀਹ ਦਿੱਤੀ। ਇਹ ਉਨ੍ਹਾਂ ਦੀ ਲੋਕਾਂ ਦੇ ਮੁੱਦਿਆਂ ਪ੍ਰਤੀ ਗੈਰ-ਸੰਜੀਦਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਆਪਣੇ ਸੌੜੇ ਨਿੱਜੀ ਹਿੱਤਾਂ ਦੇ ਮੱਦੇਨਜ਼ਰ ਉਹ ‘ਆਪ’ ਨੂੰ ਲੋਕ-ਪੱਖੀ ਕੰਮ ਕਰਨ ਤੋਂ ਰੋਕਣਾ ਚਾਹੁੰਦੇ ਹਨ। ਵਿਰੋਧੀ ਧਿਰ ਦੀ ਮੰਗ ਅਨੁਸਾਰ ਸੈਸ਼ਨ ਇੱਕ ਤੋਂ ਵਧਾ ਕੇ ਚਾਰ ਦਿਨ ਦਾ ਕੀਤਾ ਗਿਆ ਸੀ ਪਰ ਵਿਰੋਧੀ ਧਿਰ ਨੇ ਇਸ ਸਮੇਂ ਦੀ ਲੋਕ-ਹਿੱਤ ਲਈ ਕੋਈ ਸਾਰਥਿਕ ਵਰਤੋਂ ਨਹੀਂ ਕੀਤੀ।

ਵਿਰੋਧੀ ਧਿਰ ਦੇ ਨੇਤਾ ‘ਤੇ ਚੁਟਕੀ ਲੈਂਦਿਆਂ ਮੰਤਰੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਪ੍ਰਤਾਪ ਸਿੰਘ ‘ਭਾਜਪਾ’ ਬਣ ਗਏ ਹਨ। ਉਹ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ‘ਆਪ੍ਰੇਸ਼ਨ ਲੋਟਸ’ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਨ। ਬਾਜਵਾ ਦੀ ਅਗਵਾਈ ‘ਚ ਵਿਰੋਧੀ ਧਿਰ ਨੇ ਸੈਸ਼ਨ ਦੇ ਤਿੰਨ ਦਿਨ ਬਰਬਾਦ ਕਰ ਦਿੱਤੇ। ਹਰ ਰੋਜ਼ ਸਦਨ ਨੂੰ ਚਲਾਉਣ ‘ਤੇ 70 ਤੋਂ 80 ਲੱਖ ਰੁਪਏ ਖਰਚ ਹੁੰਦੇ ਪਰ ਵਿਰੋਧੀ ਧਿਰ ਨੇ ਇਸ ਸਮੇਂ ਦੌਰਾਨ ਲੋਕ ਪੱਖੀ ਮੁੱਦੇ ਉਠਾਉਣ ਦੀ ਬਜਾਏ ਭਾਜਪਾ ਦੇ ਇਸ਼ਾਰੇ ‘ਤੇ ਸੈਸ਼ਨ ‘ਚ ਸਿਰਫ ਵਿਘਨ ਪਾਇਆ। ਅਰੋੜਾ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸੱਤਾਧਾਰੀ ਸਰਕਾਰ ਸਦਨ ਵਿੱਚ ਚਰਚਾ ਕਰਵਾਉਣ ਲਈ ਤਿਆਰ ਹੈ ਪਰ ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ।

ਅਮਨ ਅਰੋੜਾ ਨੇ ਮੰਤਰੀ ਫੌਜਾ ਸਿੰਘ ਸਰਾਰੀ ਦਾ ਮੁੱਦਾ ਚੁੱਕਣ ‘ਤੇ ਵੀ ਕਾਂਗਰਸ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਅੰਦਰੂਨੀ ਜਾਂਚ ਚੱਲ ਰਹੀ ਹੈ, ਜਦੋਂ ਜਾਂਚ ਪੂਰੀ ਹੋ ਜਾਵੇਗੀ ਤਾਂ ਇਸ ਮੁੱਦੇ ‘ਤੇ ਫੈਸਲਾ ਲਿਆ ਜਾਵੇਗਾ। ਫਿਰ ਵੀ ਵਿਰੋਧੀ ਧਿਰ ਸਦਨ ‘ਚ ਇਸ ਮੁੱਦੇ ‘ਤੇ ਹੰਗਾਮਾ ਕਰਕੇ ਕਾਰਵਾਈ ਨੂੰ ਰੋਕ ਰਿਹਾ ਹੈ।

Leave a Reply

Your email address will not be published.

Back to top button