JalandharPunjab

ਪ੍ਰਸ਼ਾਸਨ ਨੇ 7ਵੇਂ ਸਪਾਰਕ ਮੇਲੇ ਦੀ ਸ਼ੁਰੂਆਤ ਮੌਕੇ ਕਰਵਾਈ ਮੈਰਾਥਨ

ਐਸ.ਡੀ.ਐਮਜ਼ ਨੇ ਕੀਤੀ ਸੈਂਕੜੇ ਵਿਦਿਆਰਥੀਆਂ ਦੀ ਅਗਵਾਈ, ਨਸ਼ਾ ਮੁਕਤ ਤੇ ਤੰਦਰੁਸਤ ਜਲੰਧਰ ਦਾ ਦਿੱਤਾ ਸੁਨੇਹਾ

ਜਲੰਧਰ, ਐਚ ਐਸ ਚਾਵਲਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7ਵੇਂ ਸਪਾਰਕ ਮੇਲੇ ਦੀ ਸ਼ੁਰੂਆਤ ਮੌਕੇ ਮਿੰਨੀ ਮੈਰਾਥਨ ਕਰਵਾਈ ਗਈ, ਜਿਸ ਵਿੱਚ ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਤੇ ਐਸ.ਡੀ.ਐਮ.ਨਕੋਦਰ ਰਣਦੀਪ ਸਿੰਘ ਹੀਰ ਦੀ ਅਗਵਾਈ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਜਲੰਧਰ ਨੂੰ ਨਸ਼ਾ ਮੁਕਤ ਤੇ ਤੰਦਰੁਸਤ ਜ਼ਿਲ੍ਹਾ ਬਣਾਉਣ ਦਾ ਪ੍ਰਣ ਲਿਆ।

ਦੋਵਾਂ ਐਸ.ਡੀ.ਐਮਜ਼ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਮਿੰਨੀ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਗੁਰੂ ਅਮਰਦਾਸ ਚੌਕ, ਸ਼ਿਵਾਨੀ ਪਾਰਕ, ਗੀਤਾ ਮੰਦਿਰ, ਚੁਨ ਮੁਨ ਚੌਕ ਤੋਂ ਹੁੰਦੀ ਹੋਈ ਵਾਪਸ ਸਟੇਡੀਅਮ ਵਿਖੇ ਪਹੁੰਚ ਕੇ ਸਮਾਪਤ ਹੋਈ। ਐਸ.ਡੀ.ਐਮ ਨੇ ਦੱਸਿਆ ਕਿ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਦਾ ਸੰਦੇਸ਼ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਾਰਕ ਮੇਲੇ ਦਾ ਆਗਾਜ਼ ਮਿੰਨੀ ਮੈਰਾਥਨ ਨਾਲ ਕੀਤਾ ਗਿਆ ਹੈ।

       ਉਨ੍ਹਾਂ ਕਿਹਾ ਕਿ ਮੈਰਾਥਨ ਕਰਵਾਉਣ ਦਾ ਮੁੱਖ ਉਦੇਸ਼ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਦੇ ਸੰਦੇਸ਼ ਦਾ ਪਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਇਹ ਮਿੰਨੀ ਮੈਰਾਥਨ ਬੇਹੱਦ ਅਹਿਮ ਭੂਮਿਕਾ ਅਦਾ ਕਰੇਗੀ।

      ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਕਿੱਤੇ ਦੀ ਚੋਣ ਲਈ ਅਗਵਾਈ ਦੇਣ ਤੋਂ ਇਲਾਵਾ ਮੇਲੇ ਦਾ ਮਨੋਰਥ ਵਿਦਿਆਰਥੀਆਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਸਪਾਰਕ ਮੇਲਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੇਲੇ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *

Back to top button