JalandharPunjab

ਡਿਪਟੀ ਕਮਿਸ਼ਨਰ ਵੱਲੋਂ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ

ਸਵੈ ਰੋਜ਼ਗਾਰ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਦੀ ਹਦਾਇਤ

ਜਲੰਧਰ, ਐਚ ਐਸ ਚਾਵਲਾ।

ਸਤੰਬਰ 2022 ਨੂੰ ਖ਼ਤਮ ਹੋਈ ਤਿਮਾਹੀ ਲਈ ਬੈਂਕਾਂ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਬੈਂਕਾਂ ਨੂੰ ਸਰਕਾਰ ਵੱਲੋਂ ਸਪਾਂਸਰ ਸਵੈ ਰੋਜ਼ਗਾਰ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਦੇਣ ਦੇ ਨਿਰਦੇਸ਼ ਦਿੱਤੇ।
ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਸਲਾਨਾ ਕਰਜ਼ਾ ਯੋਜਨਾ 2022-23 ਦੀ ਸਤੰਬਰ 2022 ਨੂੰ ਖਤਮ ਹੋਈ ਤਿਮਾਹੀ ਲਈ ਸਾਰੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਬੈਂਕਾਂ ਨੂੰ ਸਰਕਾਰ ਦੀਆਂ ਸਵੈ ਰੋਜ਼ਗਾਰ ਸਕੀਮਾਂ ਸਬੰਧੀ ਕਰਜ਼ਾ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨ ਇਨ੍ਹਾਂ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ ਜਾਵੇ।  ਉਨ੍ਹਾਂ ਨੌਜਵਾਨਾਂ ਨੂੰ ਵੀ ਸਵੈ ਰੋਜ਼ਗਾਰ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕਰਨ ਦੀ ਅਪੀਲ ਕਰਦਿਆਂ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।

ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ ਵੀ ਮੌਜੂਦ ਸਨ, ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ, ਕਿਸਾਨ ਕ੍ਰੈਡਿਟ ਕਾਰਡ ਸਕੀਮ, ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ, ਸਵੈਨਿਧੀ ਸੇ ਸਮਰਿਧੀ : ਜਨ ਸੁਰਕਸ਼ਾ ਸਕੀਮ ਸਮੇਤ ਸਰਕਾਰ ਵੱਲੋਂ ਪ੍ਰਾਯੋਜਿਤ ਹੋਰ ਸਕੀਮਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਹੇਠਲੇ ਪੱਧਰ ਤੱਕ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਫਾਇਦਾ ਮਿਲ ਸਕੇ।

ਸਾਰੇ ਬੈਂਕਾਂ ਨੂੰ ਨਿਰਧਾਰਿਤ ਟੀਚੇ ਸੌ ਫੀਸਦੀ ਪੂਰੇ ਕਰਨ ਦੀ ਹਦਾਇਤ ਦਿੰਦਿਆਂ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਵੱਲ ਵਿਸ਼ੇਸ਼ ਤਵਜੋਂ ਦਿੰਦਿਆਂ ਸਮੁੱਚੇ ਯੋਗ ਵਿਅਕਤੀਆਂ ਤੱਕ ਇਨ੍ਹਾਂ ਸਕੀਮਾਂ ਦਾ ਲਾਭ ਪੁੱਜਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦੇ ਵਿਕਾਸ ‘ਚ ਬੈਂਕਾਂ ਦਾ ਰੋਲ ਬੇਹੱਦ ਅਹਿਮ ਹੁੰਦਾ ਹੈ ਅਤੇ ਬੈਂਕ ਆਪਣੀ ਭੂਮਿਕਾ ਨੂੰ ਬਹੁਤ ਜ਼ਿੰਮੇਵਾਰੀ ਨਾਲ ਨਿਭਾਉਂਦਿਆਂ ਸਮਾਜ ਦੇ ਹਰ ਵਰਗ ਦੇ ਸਰਵਪੱਖੀ ਵਿਕਾਸ ਵਿੱਚ ਯੋਦਗਾਨ ਪਾਉਣਾ ਚਾਹੀਦਾ ਹੈ।

ਮੀਟਿੰਗ ਦੌਰਾਨ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਕੀਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਸਕੀਮ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਤਾਂ ਜੋ ਜ਼ਿਲ੍ਹੇ ਦੇ ਬਾਗਬਾਨੀ ਨਾਲ ਜੁੜੇ ਕਿਸਾਨ ਇਸ ਦਾ ਵੱਧ ਦਾ ਵੱਧ ਤੋਂ ਲਾਭ ਲੈ ਸਕਣ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਨਾਬਾਰਡ ਵੱਲੋਂ ਜ਼ਿਲ੍ਹਾ ਜਲੰਧਰ ਲਈ ਸੰਭਾਵਿਤ ਕਰਜ਼ਾ ਯੋਜਨਾ 2023-24 ਵੀ ਜਾਰੀ ਕੀਤੀ। ਰੂਡਸੈਟ ਦੇ ਅਧਿਕਾਰੀਆਂ ਵੱਲੋਂ ਵੀ ਸੰਸਥਾ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ।

ਐਲ.ਡੀ.ਐਮ. ਮੋਹਨ ਸਿੰਘ ਮੋਤੀ ਨੇ ਏ.ਸੀ.ਪੀ.2022-23 ਅਧੀਨ ਸਤੰਬਰ 2022 ਤੱਕ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਲਾਨਾ ਕਰਜ਼ਾ ਯੋਜਨਾ ਤਹਿਤ ਕੁੱਲ 6187 ਕਰੋੜ ਰੁਪਏ ਦੇ ਕਰਜ਼ੇ ਤਰਜੀਹੀ ਖੇਤਰ ਲਈ ਦਿੱਤੇ ਗਏ ਹਨ। ਜਦਕਿ ਕੁੱਲ 9770 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੇ 40% ਦੇ ਰਾਸ਼ਟਰੀ ਟੀਚੇ ਦੇ ਮੁਕਾਬਲੇ 84.79 ਫੀਸਦੀ ਦੀ ਪ੍ਰਾਪਤੀ ਨਾਲ ਤਰਜੀਹੀ ਖੇਤਰ ਦੇ ਟੀਚਿਆਂ ਨੂੰ ਪੂਰਾ ਕੀਤਾ ਹੈ।

ਇਸ ਮੌਕੇ ਆਰ.ਬੀ.ਆਈ. ਚੰਡੀਗੜ੍ਹ ਤੋਂ ਐਲ.ਡੀ.ਓ. ਵਿਸ਼ਾਲ ਕੁਮਾਰ, ਡੀ.ਡੀ.ਐਮ. ਨਬਾਰਡ ਸਵਿਤਾ ਸਿੰਘ, ਰੂਡਸੈਟ ਦੇ ਡਾਇਰੈਕਟਰ ਤਰੁਣ ਕੁਮਾਰ ਸੇਠੀ ਤੋਂ ਇਲਾਵਾ ਜ਼ਿਲ੍ਹਾ ਉਦਯੋਗ ਕੇਂਦਰ, ਮੱਛੀ ਪਾਲਣ, ਖੇਤੀਬਾੜੀ, ਨਗਰ ਨਿਗਮ, ਐਸ.ਸੀ./ਐਸ.ਟੀ. ਕਾਰਪੋਰੇਸ਼ਨ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੁਆਰਡੀਨੇਟਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

Back to top button