Uncategorized

ਯੂਕੇ 'ਚ ਤਿੰਨ ਪੰਜਾਬੀ ਨੌਜਵਾਨਾਂ ਦਾ ਕਾਰਨਾਮਾ, ਹੋਈ ਜੇਲ੍ਹ

ਪੰਜਾਬ ਦੇ ਜੰਮੇ ਜਾਏ ਤਿੰਨ ਸ਼ੇਰ ਯੋਧਿਆਂ ਨੇ ਆਪਣੀ ਬਹਾਦਰੀ ਇਹ ਦਿਖਾਈ ਕਿ ਬਜ਼ੁਰਗਾਂ, ਤੁਰਨ-ਫਿਰਨ ਤੋਂ ਅਸਮਰੱਥ ਲੋਕਾਂ ਜਾਂ ਮਾੜੀ ਮਾਨਸਿਕ ਸਿਹਤ ਵਾਲੇ ਲੋਕਾਂ ਨੂੰ ਫੋਨ ਕਾਲਾਂ ਰਾਹੀਂ ਗੁੰਮਰਾਹ ਕਰਕੇ £120,000 ਤੋਂ ਵਧੇਰੇ ਦੀ ਰਾਸ਼ੀ ਠੱਗਣ ‘ਚ ਕਾਮਯਾਬੀ ਹਾਸਲ ਕੀਤੀ ਸੀ ਪਰ ਹਰਾਮ ਦੀ ਕਮਾਈ ਦਾ ਧੰਦਾ ਜ਼ਿਆਦਾ ਦੇਰ ਨਾ ਚੱਲਿਆ ਅਤੇ ਜਾਸੂਸਾਂ ਨੇ ਮਹਿਕਦੀਪ ਸਿੰਘ ਥਿੰਦ, ਅਮਨਦੀਪ ਸਿੰਘ ਸੋਖਲ ਅਤੇ ਕੁਲਵਿੰਦਰ ਸਿੰਘ ਦੀ ਪੈੜ ਨੱਪਣੀ ਸ਼ੁਰੂ ਕਰ ਲਈ।

ਜਾਸੂਸਾਂ ਨੇ ਸਤੰਬਰ 2020 ਵਿੱਚ ਖੋਜ ਕੀਤੀ ਕਿ ਪੂਰੇ ਉੱਤਰ-ਪੂਰਬੀ ਅਤੇ ਪੱਛਮੀ ਯੌਰਕਸ਼ਾਇਰ ਵਿੱਚ ਬਜ਼ੁਰਗ ਤੇ ਕਮਜ਼ੋਰ ਪੀੜਤਾਂ ਨੂੰ ਇਨ੍ਹਾਂ ਪੰਜਾਬੀਆਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ, ਜੋ ਕੋਰੀਅਰ ਧੋਖਾਧੜੀ ਨੂੰ ਅੰਜਾਮ ਦੇ ਰਹੇ ਸਨ।

ਇਸ ਘਪਲੇ ਵਿੱਚ ਉਕਤ ਦੋਸ਼ੀ ਆਪਣੇ-ਆਪ ਨੂੰ ਪੁਲਸ ਅਫ਼ਸਰਾਂ, ਬੈਂਕ ਸਟਾਫ਼ ਅਤੇ ਅਥਾਰਟੀ ਦੇ ਹੋਰ ਮੁਲਾਜ਼ਮਾਂ ਵਜੋਂ ਪੇਸ਼ ਕਰਦੇ ਸਨ। ਉਹ ਪੀੜਤਾਂ ਨੂੰ ਟੈਲੀਫੋਨ ਕਾਲ ਕਰਦੇ ਸਨ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਸਨ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਘਪਲਾ ਹੋਇਆ ਹੈ। ਫਿਰ ਅਪਰਾਧੀ ਉਨ੍ਹਾਂ ਨੂੰ ਨਕਦੀ, ਕੀਮਤੀ ਵਸਤਾਂ ਅਤੇ ਬੈਂਕ ਵੇਰਵਿਆਂ ਦੇ ਰੂਪ ਵਿੱਚ ‘ਮਹੱਤਵਪੂਰਨ ਸਬੂਤ’ ਦੇ ਕੇ ਜਾਂਚ ਵਿੱਚ ਮਦਦ ਕਰਨ ਲਈ ਕਹਿੰਦੇ ਸਨ। ਉਕਤ ਦੋਸ਼ੀ ਇਸ ਜਾਣਕਾਰੀ ਦੀ ਵਰਤੋਂ ਪੀੜਤਾਂ ਤੋਂ ਵੱਡੀ ਰਕਮ ਚੋਰੀ ਕਰਨ ਲਈ ਕਰਦੇ ਸਨ, ਜਿਸ ਵਿੱਚ ਉਨ੍ਹਾਂ ਨੂੰ ਡਾਕ ਰਾਹੀਂ ਕੀਮਤੀ ਸਾਮਾਨ ਅਤੇ ਨਕਦੀ ਭੇਜਣ ਲਈ ਕਹਿਣਾ ਵੀ ਸ਼ਾਮਲ ਹੈ। ਨਾਰਥ ਈਸਟ ਰਿਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਮਾਹਿਰ ਧੋਖਾਧੜੀ ਅਫ਼ਸਰਾਂ ਨੂੰ ਜਦੋਂ ਇਸ ਘਪਲੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੀ ਪੁੱਛ-ਪੜਤਾਲ ਨੇ ਉਨ੍ਹਾਂ ਨੂੰ ਮਹਿਕਦੀਪ ਥਿੰਦ (33), ਅਮਨਦੀਪ ਸੋਖਲ (36) ਅਤੇ ਕੁਲਵਿੰਦਰ ਸਿੰਘ (25) ਤੱਕ ਪਹੁੰਚਾਇਆ।

ਮਹਿਕਦੀਪ ਸਿੰਘ ਥਿੰਦ ਨੇ ਆਪਣੇ-ਆਪ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਅਮਨਦੀਪ ਸਿੰਘ ਸੋਖਲ ਤੇ ਕੁਲਵਿੰਦਰ ਸਿੰਘ ਨੇ ਆਪਣੇ ‘ਤੇ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਿਊਕੈਸਲ ਕਰਾਊਨ ਕੋਰਟ ਵਿੱਚ 5 ਹਫ਼ਤਿਆਂ ਦੀ ਸੁਣਵਾਈ ਉਪਰੰਤ ਸੋਖਲ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕੁਲਵਿੰਦਰ ਸਿੰਘ ਨੂੰ ਪਿਛਲੇ ਸਾਲ ਦਸੰਬਰ ‘ਚ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸ਼ੁੱਕਰਵਾਰ (3 ਮਾਰਚ) ਨੂੰ ਨਿਊਕੈਸਲ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ।

ਮਹਿਕਦੀਪ ਸਿੰਘ ਥਿੰਦ ਦਾ ਲੰਡਨ ਵਿੱਚ ਕੋਈ ਨਿਸ਼ਚਿਤ ਟਿਕਾਣਾ ਨਹੀਂ ਹੈ, ਉਸ ਨੂੰ ਧੋਖਾਧੜੀ, ਮਨੀ ਲਾਂਡਰਿੰਗ ਅਤੇ ਝੂਠੀ ਆਈਡੀ ਰੱਖਣ ਲਈ ਸਾਜ਼ਿਸ਼ ਰਚਣ ਲਈ 5 ਸਾਲ ਅਤੇ 7 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਐਲਨਬੀ ਰੋਡ ਸਾਊਥਾਲ ਲੰਡਨ ਦੇ ਅਮਨਦੀਪ ਸਿੰਘ ਸੋਖਲ ਨੂੰ ਧੋਖਾਧੜੀ, ਮਨੀ ਲਾਂਡਰਿੰਗ ਅਤੇ ਝੂਠੀ ਆਈਡੀ ਰੱਖਣ ਦੀ ਸਾਜ਼ਿਸ਼ ਲਈ 4 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਓਲਡ ਕੋਟ ਡਰਾਈਵ ਹੰਸਲੋ ਦੇ ਕੁਲਵਿੰਦਰ ਸਿੰਘ ਨੂੰ ਮਨੀ ਲਾਂਡਰਿੰਗ ਅਤੇ 240 ਘੰਟੇ ਕਮਿਊਨਿਟੀ ਸੇਵਾ ਲਈ 18 ਮਹੀਨਿਆਂ ਲਈ ਮੁਅੱਤਲ ਕਰਕੇ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

Leave a Reply

Your email address will not be published.

Back to top button