ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਆਪ’ ਪਾਰਟੀ ਲਈ ਇਹ ਨੇਤਾ ਨੇ ਕਮਰ ਕੱਸੀ, ਇਨ੍ਹਾਂ ਡੇਰਿਆਂ ‘ਤੇ ਹੋਏ ਨਤਮਸਤਕ
ਜਲੰਧਰ/ਐਸ ਐਸ ਚਾਹਲ
ਲੋਕ ਸਭਾ ਜ਼ਿਮਨੀ ਚੋਣ ਲਈ ਭਾਵੇਂ ‘ਆਪ’ ਨੇ ਅਜੇ ਆਪਣੇ ਉਮੀਦਵਾਰ ਦਾ ਫੈਸਲਾ ਕਰਨਾ ਹੈ ਪਰ ਸੰਭਾਵੀ ਉਮੀਦਵਾਰਾਂ ਨੇ ਜ਼ਮੀਨ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਅਜਿਹੇ ਹੀ ਇਕ ਸੰਭਾਵੀ ਉਮੀਦਵਾਰ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜਲੰਧਰ ਦੇ ਪ੍ਰਮੁੱਖ ਡੇਰਿਆਂ ‘ਤੇ ਜਾ ਕੇ ਡੇਰਿਆਂ ਤੋਂ ਆਸ਼ੀਰਵਾਦ ਲਿਆ।
ਮਾਨ ਨੇ ਡੇਰਾ ਸੱਚਖੰਡ ਬੱਲਾਂ ਅਤੇ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਦੇ ਦੌਰੇ ਨੂੰ ਰੁਟੀਨ ਦਾ ਦੌਰਾ ਕਰਾਰ ਦਿੱਤਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਮਾਨ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸਿਆਸੀ ਗਲਿਆਰਿਆਂ ‘ਚ ਚਰਚਾ ਹੈ ਕਿ ਮਹਿੰਦਰ ਸਿੰਘ ਕੇਪੀ, ਸੁਸ਼ੀਲ ਰਿੰਕੂ ਅਤੇ ਪਵਨ ਟੀਨੂੰ ਚੋਣ ਲੜਨ ਤੋਂ ਪਿੱਛੇ ਹਟ ਗਏ ਸਨ ਅਤੇ ‘ਆਪ’ ਨਵੇਂ ਉਮੀਦਵਾਰ ਨੂੰ ਮੈਦਾਨ ‘ਚ ਉਤਾਰਨ ਦਾ ਜੋਖਮ ਨਹੀਂ ਲੈਣਾ ਚਾਹੁੰਦੀ।
ਅਜਿਹੀ ਸਥਿਤੀ ਵਿੱਚ ਜੋਗਿੰਦਰ ਮਾਨ ਆਪਣੇ ਲਈ ਮੌਕੇ ਦੀ ਤਲਾਸ਼ ਕਰ ਰਹੇ ਹਨ। ਮਾਨ 1985, 1992 ਅਤੇ 2002 ਵਿੱਚ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਅਤੇ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਮੰਤਰੀ ਰਹੇ ਹਨ।
ਮਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਭਾਣਜੇ ਹਨ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਜਲੰਧਰ ਤੋਂ ਹੀ ਕੀਤੀ ਸੀ ਅਤੇ 1980 ਦੇ ਦਹਾਕੇ ਦੌਰਾਨ ਸਥਾਨਕ ਬੀ.ਐਮ.ਸੀ. ਚੌਕ ਵਿਖੇ ਸਥਿਤ ਉਨ੍ਹਾਂ ਦੀ ਮਿਲਕ ਬਾਰ ਪੰਜਾਬ ਦੀ ਰਾਜਨੀਤੀ ਦਾ ਧੁਰਾ ਸੀ। ਮਾਨ ਭਾਵੇਂ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿੱਚ ਰਹੇ ਸਨ ਪਰ ਕਾਂਗਰਸ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਉਹ ਪਾਰਟੀ ਛੱਡ ਗਏ ਸਨ ਅਤੇ ਆਪ ‘ਚ ਆ ਗਏ ਹਨ।
2022 ‘ਚ ਫਗਵਾੜਾ ਤੋਂ ਥੋੜ੍ਹੇ ਜਿਹੇ ਫਰਕ ਨਾਲ ਮਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਪਹਿਲਾਂ ਵੀ ਡੇਰਾ ਬੱਲਾਂ ਅਤੇ ਭਗਵਾਨ ਵਾਲਮੀਕਿ ਆਸ਼ਰਮ ਰਹੀਮਪੁਰ ਵਿਖੇ ਸੰਤ ਨਿਰੰਜਨ ਦਾਸ ਅਤੇ ਸੰਤ ਪਰਗਣ ਨਾਥ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ।