PunjabPolitics

ਪੁਲਿਸ ਤੇ ਗੈਂਗਸਟਰਾਂ ‘ਚ ਮੁਕਾਬਲਾ, 2 ਗੈਂਗਸਟਰਾਂ ਦੇ ਲੱਗੀ ਗੋਲੀ, DSP ਵੀ ਹੋਏ ਜ਼ਖ਼ਮੀ

ਮੋਹਾਲੀ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁੱਠਭੇੜ ਹੋਈ। ਪੁਲਿਸ ਨੂੰ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਦੇ ਇੱਕ ਹੋਟਲ ਵਿੱਚ ਤਿੰਨ ਗੈਂਗਸਟਰ ਲੁਕੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਗੈਂਗਸਟਰਾਂ ਨੂੰ ਲੱਤਾਂ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਮੁਹਾਲੀ ਦੇ ਫੇਜ਼ 6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਡੀਐਸਪੀ ਪਵਨ ਕੁਮਾਰ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ। ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਹੋਰ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ।
ਦੱਸ ਦਈਏ ਕਿ ਤਿੰਨੋਂ ਮੁਲਜ਼ਮ ਸ਼ਨੀਵਾਰ ਨੂੰ ਬਠਿੰਡਾ ਵਿੱਚ ਹੋਏ ਵਪਾਰੀ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਕਤਲ ਵਿੱਚ ਸ਼ਾਮਲ ਸਨ। ਬਠਿੰਡਾ ਦੇ ਸਭ ਤੋਂ ਵੱਡੇ ਅਤੇ ਪੌਸ਼ ਵਪਾਰਕ ਖੇਤਰ ਮਾਲ ਰੋਡ ‘ਤੇ ਸਥਿਤ ਨਾਮੀ ਰੈਸਟੋਰੈਂਟ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਸ਼ਨਿਚਰਵਾਰ ਸ਼ਾਮ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁਹਾਲੀ ਦੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਅਰਸ਼ ਡੱਲਾ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਲਵਜੀਤ, ਕਮਲਜੀਤ ਅਤੇ ਪਰਮਜੀਤ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ .32 ਅਤੇ .30 ਬੋਰ ਦੇ ਦੋ ਹਥਿਆਰ ਬਰਾਮਦ ਹੋਏ ਹਨ।

Leave a Reply

Your email address will not be published. Required fields are marked *

Back to top button