Punjab

ਕਾਰ ਸਾਈਡ ਕਰਨ ਨੂੰ ਲੈ ਕੇ 2 ਔਰਤਾਂ ਨੂੰ ਮਾਰੀਆਂ ਗੋਲੀਆਂ

ਪਿੰਡ ਪੰਡੋਰੀ ਰਣ ਸਿੰਘ ਵਿਖੇ ਰਸਤੇ ’ਚੋਂ ਕਾਰ ਪਾਸੇ ਕਰਨ ਲਈ ਕਹਿਣ ’ਤੇ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਇਕ ਘਰ ਅੰਦਰ ਦਾਖ਼ਲ ਹੋ ਕੇ ਫਾਇਰਿੰਗ ਕੀਤੀ, ਜਿਸ ਕਾਰਨ 2 ਔਰਤਾਂ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਦੂਜੇ ਪਾਸੇ ਮੌਕੇ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਪੀੜਤ ਦੇ ਬਿਆਨ ਨੋਟ ਕਰਕੇ ਇਕ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ ਕਿਸੇ ਵੀ ਮੁਲਜ਼ਮ ਦੀ ਅਜੇ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਸੁਰਿੰਦਰਪਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪੰਡੋਰੀ ਰਣ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹ ਦਵਾਈ ਲੈ ਕੇ ਐਕਟਿਵਾ ’ਤੇ ਘਰ ਜਾ ਰਿਹਾ ਸੀ। ਰਸਤੇ ਵਿਚ ਗੁਰਬਿੰਦਰ ਸਿੰਘ ਕਾਰ ਲਗਾ ਕੇ ਖੜ੍ਹੇ ਸਨ।

ਸੜਕ ਦੇ ਇਕ ਪਾਸੇ ਪਾਣੀ ਹੋਣ ਕਰਕੇ ਉਸ ਨੇ ਕਾਰ ਨੂੰ ਸਾਈਡ ’ਤੇ ਕਰਨ ਲਈ ਕਿਹਾ ਤਾਂ ਉਹ ਤਕਰਾਰ ਕਰਨ ਲੱਗ ਪਏ। ਜਦੋਂਕਿ ਲੋਕਾਂ ਨੇ ਸਮਝਾ ਕੇ ਝਗੜਾ ਨਿਪਟਾ ਦਿੱਤਾ ਫਿਰ ਉਹ ਘਰ ਆ ਗਿਆ। ਦੁਪਹਿਰ ਕਰੀਬ ਇਕ ਵਜੇ ਗੁਰਬਿੰਦਰ ਸਿੰਘ ਨਿੱਕਾ, ਜਤਿੰਦਰ ਸਿੰਘ ਮੋਟਾ ਦੋਵੇਂ ਪੁੱਤਰ ਬੀਰ ਸਿੰਘ, ਬੀਰ ਸਿੰਘ ਪੁੱਤਰ ਜੱਗਾ ਸਿੰਘ, ਹਰਜੀਤ ਸਿੰਘ ਪੁੱਤਰ ਜਗੀਰ ਸਿੰਘ, ਹਰਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਤੇ ਅੱਧਾ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗਾਲ੍ਹੀ- ਗਲੋਚ ਕਰਨ ਲੱਗੇ ਤੇ ਉਸਦੇ ਘਰ ਦੇ ਗੇਟ ਵਿਚ ਗੋਲ਼ੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਤੋਂ ਬਚਣ ਲਈ ਉਹ ਕਮਰੇ ਅੰਦਰ ਚਲਾ ਗਿਆ। ਇਸ ਦੌਰਾਨ ਉਕਤ ਲੋਕ ਘਰ ਅੰਦਰ ਦਾਖ਼ਲ ਹੋ ਗਏ ਅਤੇ ਲੌਬੀ ਵੱਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ’ਚੋਂ ਇਕ ਗੋਲੀ ਉਸਦੀ ਲੱਤ ’ਤੇ ਲੱਗੀ। ਜਦੋਂਕਿ ਇਕ ਗੋਲ਼ੀ ਉਸਦੀ ਭਰਜਾਈ ਕੰਵਲਜੀਤ ਕੌਰ ਪਤਨੀ ਤਰਲੋਚਨ ਸਿੰਘ ਦੇ ਹੱਥ ਅਤੇ ਇਕ ਗੋਲ਼ੀ ਰਾਣੋ ਪਤਨੀ ਮੰਗਲ ਸਿੰਘ ਜੋ ਉਨ੍ਹਾਂ ਦੇ ਘਰ ਵਿਚ ਕੰਮ ਕਰਨ ਆਈ ਸੀ, ਦੀ ਲੱਤ ’ਚ ਲੱਗ ਗਈ। ਜਦੋਂਕਿ ਬਾਅਦ ਵਿਚ ਹਮਲਾਵਰ ਹਵਾ ਵਿਚ ਗੋਲ਼ੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ।

Leave a Reply

Your email address will not be published. Required fields are marked *

Back to top button