ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਯੂਨੀਅਨ ਆਗੂਆਂ ਨਾਲ ਮੁਲਾਕਾਤ ਕਰਨਗੇ। ਅੱਜ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਯੂਨੀਅਨ ਆਗੂਆਂ ਵਿਚਾਲੇ ਮੀਟਿੰਗ ਹੋਵੇਗੀ।
ਜਲੰਧਰ ਵਿੱਚ ਦਿੱਲੀ ਮੋਰਚੇ ਵਾਲਾ ਹਾਲਾਤ ਬਣਦੇ ਜਾ ਰਹੇ ਹਨ। ਫਗਵਾੜਾ ਨੇੜੇ ਜੀਟੀ ਰੋਡ ਉੱਪਰ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਹੈ। ਸੜਕ ਉੱਪਰ ਹੀ ਲੰਗਰ ਪੱਕ ਰਹੇ ਹਨ। ਠੰਢੀਆਂ ਰਾਤਾਂ ਵਿੱਚ ਕਿਸਾਨ ਸੜਕ ਉੱਪਰ ਹੀ ਸੌਂ ਰਹੇ ਹਨ। ਕਿਸਾਨਾਂ ਨੇ ਜਲੰਧਰ ਨੇੜੇ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਸੜਕ ’ਤੇ ਧਰਨਾ ਲਾਈ ਬੈਠੇ ਹਨ
ਗੰਨਾ ਉਤਪਾਦਕਾਂ ਵੱਲੋਂ ਜਲੰਧਰ ਦੇ ਧੰਨੋਵਾਲੀ ’ਚ ਹਾਈਵੇ ਜਾਮ ਕੀਤੇ ਜਾਣ ਕਾਰਨ ਰਾਸ਼ਟਰੀ ਰਾਜ ਮਾਰਗ ’ਤੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਧੰਨੋਵਾਲੀ ਵਿਚ ਹੀ ਰੇਲ ਟਰੈਕ ’ਤੇ ਧਰਨਾ ਦੇ ਦਿੱਤਾ ਗਿਆ ਹੈ। ਅਜਿਹੇ ’ਚ ਯਾਤਰੀਆਂ ਲਈ ਜਲੰਧਰ ਨੂੰ ਪਾਰ ਕਰਨਾ ਚੁਣੌਤੀ ਬਣ ਗਿਆ ਹੈ। ਅਜਿਹੇ ’ਚ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਪਠਾਨਕੋਟ, ਜੰਮੂ ਜਾਂ ਅੰਮ੍ਰਿਤਸਰ ਵੱਲ ਜਾਣ ਵਾਲੇ ਵਾਹਨਾਂ ਨੂੰ ਫਗਵਾੜਾ ਤੋਂ ਹੀ ਸੱਜੇ ਪਾਸੇ ਹੁਸ਼ਿਆਰਪੁਰ ਰੋਡ ’ਤੇ ਮੁੜਨਾ ਹੋਵੇਗਾ। ਹੁਸ਼ਿਆਰਪੁਰ ਰੋਡ ’ਤੇ ਮੇਹਟੀਆਣਾ ਤੋਂ ਖੱਬੇ ਪਾਸੇ ਹੁੰਦੇ ਹੋਏ ਟ੍ਰੈਫਿਕ ਆਦਮਪੁਰ ਪੁੱਜੇਗਾ, ਜਿਥੋਂ ਜਲੰਧਰ ਜੰਮੂ ਹਾਈਵੇ ’ਤੇ ਸਥਿਤ ਕਿਸ਼ਨਗੜ੍ਹ ਚੌਕ ਤੱਕ ਪਹੁੰਚਿਆ ਜਾ ਸਕਦਾ ਹੈ। ਇਥੋਂ ਵਾਹਨ ਟਾਂਡਾ, ਦਸੂਹਾ, ਮੁਕੇਰੀਆਂ, ਪਠਾਨਕੋਟ, ਜੰਮੂ ਵੱਲ ਵਧ ਸਕਣਗੇ। ਇਸ ਤੋਂ ਇਲਾਵਾ ਮੁਕੇਰੀਆਂ ਹੁੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਚ ਵੀ ਪ੍ਰਵੇਸ਼ ਕੀਤਾ ਜਾ ਸਕੇਗਾ। ਕਿਸ਼ਨਗੜ੍ਹ ਚੌਕ ਤੋਂ ਹੀ ਸਿੱਧੇ ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਸਥਿਤ ਕਰਤਾਰਪੁਰ ਪਹੁੰਚਿਆ ਜਾ ਸਕੇਗਾ ਅਤੇ ਇਥੋਂ ਟ੍ਰੈਫਿਕ ਕਪੂਰਥਲਾ, ਬਿਆਸ, ਬਟਾਲਾ, ਅੰਮ੍ਰਿਤਸਰ ਤੇ ਤਰਨ ਤਾਰਨ ਵੱਲ ਜਾ ਸਕਦਾ ਹੈ। ਇਸੇ ਤਰ੍ਹਾਂ ਉਪਰੋਕਤ ਸਟੇਸ਼ਨਾਂ ਤੋਂ ਵਾਪਸੀ ’ਤੇ ਇਸੇ ਰੂਟ ’ਤੇ ਦਿੱਲੀ-ਚੰਡੀਗੜ੍ਹ ਵੱਲ ਵੀ ਜਾਇਆ ਜਾ ਸਕਦਾ ਹੈ। ਇਸੇ ਰੂਟ ’ਤੇ ਹੀ ਯਾਤਰੀ ਪਰਤ ਵੀ ਸਕਦੇ ਹਨ।