
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਹਰਿਆਣਾ ਅਤੇ ਪੰਜਾਬ ਦੇ ਅੱਠ ਗੈਂਗਸਟਰਾਂ ਨੂੰ ਵਾਂਟੇਡ ਸੂਚੀ ਵਿੱਚ ਪਾ ਕੇ ਉਨ੍ਹਾਂ ‘ਤੇ 1 ਤੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਇਨ੍ਹਾਂ ਵਿੱਚ ਬੰਬੀਹਾ ਸਿੰਡੀਕੇਟ ਦਾ ਲੱਕੀ ਪਟਿਆਲ ਅਤੇ ਗੈਂਗਸਟਰ ਕੌਸ਼ਲ ਚੌਧਰੀ ਦਾ ਖਾਸ ਸਰਗਨਾ ਸੰਦੀਪ ਉਰਫ਼ ਬੰਦਰ ਸ਼ਾਮਲ ਹਨ। ਇਹ ਸਾਰੇ ਗੈਂਗਸਟਰ ਕਾਫੀ ਸਮੇਂ ਤੋਂ ਫਰਾਰ ਸਨ। ਇਨ੍ਹਾਂ ‘ਚੋਂ ਕੁਝ ਵਿਦੇਸ਼ਾਂ ‘ਚ ਲੁਕ ਕੇ ਸਾਰਾ ਨੈੱਟਵਰਕ ਚਲਾ ਰਹੇ ਹਨ।
ਐਨਆਈਏ ਨੇ ਗੁਰੂਗ੍ਰਾਮ ਦੇ ਸ਼ਿਵਾਜੀ ਨਗਰ ਵਾਸੀ ਦਿਨੇਸ਼ ਸ਼ਰਮਾ ਉਰਫ਼ ਗਾਂਧੀ, ਨੀਰਜ ਉਰਫ਼ ਪੰਡਿਤ, ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਵਾਸੀ ਸੰਦੀਪ ਉਰਫ਼ ਬੰਦਰ, ਕਰਨਾਲ ਦੇ ਅਸੰਧ ਵਾਸੀ ਦਲੇਰ ਸਿੰਘ ਉਰਫ਼ ਕੋਟੀਆ, ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਗੁਰਪਿੰਦਰ ਸਿੰਘ ਉਰਫ਼ ਬਾਬਾ ਡੱਲਾ, ਮੋਗਾ ਵਾਸੀ ਸੁਖਦੂਰ ਸਿੰਘ ਉਰਫ਼ ਸੁੱਖਾ ਦੁੱਨੇ ਕੇ ‘ਤੇ 1-1 ਲੱਖ ਰੁਪਏ ਅਤੇ ਅੱਤਵਾਦੀਆਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਗੌਰਵ ਪਟਿਆਲ ਉਰਫ਼ ਸੌਰਵ ਠਾਕੁਰ ਉਰਫ਼ ਲੱਕੀ ਪਟਿਆਲ ‘ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਇਨ੍ਹਾਂ ਸਭ ਮੋਸਟ ਵਾਂਟੇਡ ਅਪਰਾਧੀਆਂ ਨੂੰ ਇਸ਼ਤਿਹਾਰ ਦੇ ਨਾਲ ਉਨ੍ਹਾਂ ‘ਤੇ ਇਨਾਮ ਦੀ ਰਕਮ ਦਾ ਐਲਾਨ ਕਰਨ ਤੋਂ ਬਾਅਦ ਜਨਤਕ ਕੀਤਾ ਗਿਆ ਹੈ। ਐਨਆਈਏ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਨਾਲ ਜੁੜੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਏਜੰਸੀ ਨੂੰ ਸੂਚਿਤ ਕਰੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।