ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨੇ ਦੇਸੀ ਨਸਲ ਦੇ ਮੁਧੋਲ ਸ਼ਿਕਾਰੀ ਕੁੱਤਿਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਬਹੁਤ ਹੀ ਚੁਸਤ ਕੁੱਤਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ “ਸਿਰਫ਼ ਇੱਕ ਰੋਟੀ” ‘ਤੇ ਵੀ ਜਿਉਂਦੇ ਰਹਿ ਸਕਦੇ ਹਨ।
ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਵਿੱਚ ਸਥਿਤ ਕੈਨਾਇਨ ਰਿਸਰਚ ਇਨਫਰਮੇਸ਼ਨ ਸੈਂਟਰ (CRIC) ਵਿੱਚ ਰਹਿਣ ਵਾਲੇ ਇਹ ਕੁੱਤੇ ਆਮ ਭਾਰਤੀ ਘਰਾਂ ਦਾ ਭੋਜਨ ਖਾਂਦੇ ਹਨ।
ਉਨ੍ਹਾਂ ਦਾ ਕੰਮ ਸਿਰਫ਼ ਅੱਧਾ ਕਿੱਲੋ ਮੱਕੀ, ਕਣਕ, ਅਰਹਰ ਦੀ ਦਾਲ ਨਾਲ ਚੱਲ ਜਾਂਦਾ ਹੈ ਜੋ ਉਨ੍ਹਾਂ ਨੂੰ ਦਿਨ ਵਿੱਚ ਦੋ ਵਾਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਹਰ ਰੋਜ਼ ਦੋ ਆਂਡੇ ਅਤੇ ਅੱਧਾ ਲੀਟਰ ਦੁੱਧ ਵੀ ਦਿੱਤਾ ਜਾਂਦਾ ਹੈ।
ਕਈ ਪ੍ਰਾਈਵੇਟ ਬਰੀਡਰ ਵੀ ਉਨ੍ਹਾਂ ਨੂੰ ਹਰ ਹਫ਼ਤੇ ਕੁਝ ਚਿਕਨ ਖਾਣ ਲਈ ਦਿੰਦੇ ਹਨ।
ਕਿਉਂ ਖਾਸ ਹਨ
ਮੁਧੋਲ ਕੁੱਤਿਆਂ ਦਾ ਸਿਰ-ਮੂੰਹ ਲੰਬਾ, ਗਰਦਨ ਸੁਰਾਹੀਦਾਰ ਅਤੇ ਛਾਤੀ ਚੌੜਾਈ ਵਿੱਚ ਘੱਟ ਪਰ ਲੰਬੀ ਹੁੰਦੀ ਹੈ। ਲੱਤਾਂ ਸਿੱਧੀਆਂ ਅਤੇ ਢਿੱਡ ਪਤਲਾ ਹੁੰਦਾ ਹੈ। ਕੰਨ ਹੇਠਾਂ ਵੱਲ ਡਿੱਗੇ ਹੋਏ ਹੁੰਦੇ ਹਨ।
ਇਹ ਗ੍ਰੇਟ ਡੇਨ ਤੋਂ ਬਾਅਦ ਦੇਸੀ ਨਸਲਾਂ ਵਿੱਚੋਂ ਸਭ ਤੋਂ ਲੰਬਾ ਕੁੱਤਾ ਹੈ। ਇਸ ਦੀ ਉਚਾਈ 72 ਸੈਂਟੀਮੀਟਰ ਅਤੇ ਭਾਰ 20 ਤੋਂ 22 ਕਿਲੋਗ੍ਰਾਮ ਤੱਕ ਹੋ ਜਾਂਦਾ ਹੈ। ਅੱਖ ਦੇ ਫ਼ੋਰ ਵਿੱਛ ਹੀ ਮੁਧੋਲ ਕੁੱਤੇ ਇੱਕ ਕਿਲੋਮੀਟਰ ਤੱਕ ਦੌੜ ਸਕਦੇ ਹਨ।
ਇਨ੍ਹਾਂ ਕੁੱਤਿਆਂ ਦਾ ਸਰੀਰ ਐਥਲੀਟ ਵਰਗਾ ਹੈ ਅਤੇ ਸ਼ਿਕਾਰ ਕਰਨ ਵਿਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ।
ਮਾਹਿਰਾਂ ਅਨੁਸਾਰ ਮੁਧੋਲ ਨਸਲ ਦੇ ਕੁੱਤਿਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਹੈਰਾਨ ਕਰਨ ਵਾਲੀਆਂ ਹਨ।
ਉਦਾਹਰਣ ਵਜੋਂ, ਉਨ੍ਹਾਂ ਦੀਆਂ ਅੱਖਾਂ 240 ਡਿਗਰੀ ਤੋਂ 270 ਡਿਗਰੀ ਤੱਕ ਘੁੰਮ ਸਕਦੀਆਂ ਹਨ। ਹਾਲਾਂਕਿ, ਉਨ੍ਹਾਂ ਵਿੱਚ ਸੁੰਘਣ ਸ਼ਕਤੀ ਕੁਝ ਦੂਜੇ ਦੇਸੀ ਕੁੱਤਿਆਂ ਨਾਲੋਂ ਘੱਟ ਹੁੰਦੀ ਹੈ। ਉਹਨਾਂ ਨੂੰ ਠੰਡੇ ਮੌਸਮ ਦੇ ਅਨੁਕੂਲ ਹੋਣ ਵਿੱਚ ਮੁਸ਼ਕਲ ਹੋ ਸਕਦੀ ਹੈ।