
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ 7 ਏਕੜ ਜਗ੍ਹਾ ਅਕਾਲੀ ਮਾਰਕੀਟ ਨੂੰ ਸ਼ੋ੍ਮਣੀ ਕਮੇਟੀ ਰਾਤੋਂ-ਰਾਤ ਢਾਹ ਕੇ ਕਬਜ਼ੇ ਹਟਾਉਣ ਨਾਲ ਕਿਰਾਏਦਾਰਾਂ ਵਿਚ ਉਜਾੜੇ ਜਾਣ ਦਾ ਸਹਿਮ ਦਿਖਾਈ ਦੇ ਰਿਹਾ ਹੈ। ਉਪਰੋਕਤ ਜਗ੍ਹਾ ਵੰਡ ਤੋਂ ਬਾਅਦ ਵਸਾਈ ਗਈ ਜਿਥੇ ਅੱਜ ਵੀ 70 ਸਾਲਾਂ ਤੋਂ ਕਿਰਾਏਦਾਰ ਮੌਜੂਦ ਹਨ, ਜਿਨ੍ਹਾਂ ਦਾ ਕਿਰਾਇਆ 9 ਰੁਪਏ ਪ੍ਰਤੀ ਮਹੀਨਾ ਹੈ।
ਇਸ ਜਗ੍ਹਾ ‘ਤੇ ਅੱਜ ਵੀ 50-60 ਦੁਕਾਨਾਂ ਵਿਚ ਵੱਖ-ਵੱਖ ਕਿਰਾਏਦਾਰ ਹਨ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਕਿਹਾ ਕਿ ਸ਼ੋ੍ਮਣੀ ਕਮੇਟੀ ਵੱਲੋਂ 4 ਸਾਲ ਪਹਿਲਾਂ ਇਸ ਜਗ੍ਹਾ ‘ਤੇ ਸੰਗਤਾਂ ਲਈ ਇਕ ਹਜ਼ਾਰ ਕਮਰੇ ਦੀ ਸਰਾਂ ਤਿਆਰ ਕਰਵਾਉਣ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਸੀ। ਕੁਝ ਥਾਂ ‘ਤੇ ਪੁਰਾਣੇ ਕਬਜ਼ਿਆਂ ਕਾਰਨ ਇਹ ਪੋ੍ਜੈਕਟ ਵਿਚ-ਵਿਚਾਲੇ ਚੱਲ ਰਿਹਾ ਸੀ। ਇਸ ਨੂੰ ਮੁਕੰਮਲ ਕਰਨ ਅਤੇ ਦੁਕਾਨਦਾਰਾਂ ਨਾਲ ਰਾਬਤਾ ਕਰਕੇ ਹੱਲ ਕਰਨ ਲਈ ਸ਼ੋ੍ਮਣੀ ਕਮੇਟੀ ਪ੍ਰਧਾਨ ਨੇ ਸਬ-ਕਮੇਟੀ ਵੀ ਬਣਾਈ ਸੀ। ਇਸ ਕਮੇਟੀ ਨੇ ਦੁਕਾਨਦਾਰਾਂ ਨਾਲ ਪੰਜ ਦੇ ਕਰੀਬ ਮੀਟਿੰਗਾਂ ਕੀਤੀਆਂ ਅਤੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਨੂੰ ਵੀ ਉਜਾੜਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਥਾਂ ਵਰਤੋਂ ਵਿਚ ਨਹੀਂ ਆ ਰਿਹਾ ਸੀ, ਉਸ ਦੀ ਸਫਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦਾ ਮੁੜ ਵਸੇਬਾ ਕਰਵਾਇਆ ਜਾਵੇਗਾ, ਅਕਤੂਬਰ ਵਿਚ ਇਸ ਜਗ੍ਹਾ ‘ਤੇ ਉਸਾਰੀ ਦਾ ਕੰਮ ਕਾਰ-ਸੇਵਾ ਰਾਹੀਂ ਸ਼ੁਰੂ ਕੀਤਾ ਜਾਵੇਗਾ।
ਧੱਕੇ ਨਾਲ ਢਾਹੀਆਂ ਗਈਆਂ ਦੁਕਾਨਾਂ : ਰਵਿੰਦਰ ਸਿੰਘ
ਅਕਾਲੀ ਮਾਰਕੀਟ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ 60 ਦੇ ਕਰੀਬ ਕਿਰਾਏਦਾਰ ਹਨ। ਉਨ੍ਹਾਂ ਕਿਹਾ ਕਿ 15 ਦੇ ਕਰੀਬ ਅੱਜ ਦੁਕਾਨਾਂ ਸ਼ੋ੍ਮਣੀ ਕਮੇਟੀ ਵੱਲੋਂ ਧੱਕੇ ਨਾਲ ਢਾਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 60 ਕਿਰਾਏਦਾਰਾਂ ਵੱਲੋਂ ਪੁਰਾਣੀਆਂ ਰਸੀਦਾਂ ਜਾਂ ਸਬੰਧਤ ਕਾਗਜ਼ਾਤ ਸ਼ੋ੍ਮਣੀ ਕਮੇਟੀ ਨੂੰ ਜਮ੍ਹਾਂ ਵੀ ਕਰਵਾਏ ਹਨ। ਉਨ੍ਹਾਂ ਕਿਹਾ ਕਿ ਕਿਰਾਏਦਾਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜ਼ਬਰਦਸਤੀ ਉਜਾੜਿਆ ਨਾ ਜਾਵੇ, ਤਰਸ ਦੇ ਆਧਾਰ ‘ਤੇ ਮੁੜ ਵਸੇਬਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਰਾਇਆ 9 ਰੁਪਏ ਪ੍ਰਤੀ ਮਹੀਨਾ ਹੈ।