
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸੂਬੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਸੌਗ ਦਾ ਮਾਹੌਲ ਪੈਦਾ ਹੋ ਗਿਆ ਹੈ।
27 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਲੰਬੀ ਵਿੱਚ ਅੰਤਿਮ ਸਸਕਾਰ ਹੋਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਰਾਜਨੀਤੀ ਆਗੂ ਮੌਜੂਦ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਨੂੰ ਅਗਨ ਭੇਂਟ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਤੇ ਉਸਦਾ ਪਰਿਵਾਰ ਭੁੱਬਾ ਮਾਰ-ਮਾਰ ਕੇ ਰੋਇਆ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਸੁਖਬੀਰ ਬਾਦਲ ਦੇ ਗਲ਼ ਲੱਗ ਕੇ ਭੁੱਬਾਂ ਮਾਰ-ਮਾਰ ਕੇ ਰੋਂਦੇ ਦਿਖਾਈ ਦਿੱਤੇ।
ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੇ ਭੇਦਭਾਵਾਂ ਦੇ ਚੱਲਦਿਆਂ ਅਕਾਲੀ-ਕਾਂਗਰਸ ਸਰਕਾਰ ਨਾਲ ਸਾਲ 2010 ‘ਚ ਰਿਸ਼ਤਾ ਤੋੜਨ ਵਾਲੇ ਤੇ ਫਿਰ ਆਪਣੀ ਖ਼ੁਦ ਦੀ ਪਾਰਟੀ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣਾ ਵੱਖ ਰਸਤਾ ਬਣਾਉਣ ‘ਤੇ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਦੁਖ਼ੀ ਸਨ।
ਪਰਕਾਸ਼ ਸਿੰਘ ਬਾਦਲ ਦੀ ਇੱਛਾ ਸੀ ਕਿ ਉਨ੍ਹਾਂ ਜਿਉਂਦੇ-ਜੀ ਕਿਸੇ ਤਰ੍ਹਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਮੁੜ ਤੋਂ ਇਕੱਠੇ ਹੋ ਜਾਣ ਤਾਂ ਜੋ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਹੋਣ ਦੇ ਨਾਲ ਹੀ ਦੋਹਾਂ ਪਰਿਵਾਰਾਂ ‘ਚ ਪੈਦਾ ਹੋਏ ਮਤਭੇਦ ਵੀ ਖ਼ਤਮ ਹੋ ਜਾਣ। ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਅਤੇ ਮਨਪ੍ਰੀਤ ਬਾਦਲ ਦੀਆਂ ਦੂਰੀਆਂ ਕਾਰਨ ਅਤੇ ਦੋਹਾਂ ਵੱਲੋਂ ਇਕ-ਦੂਸਰੇ ਖ਼ਿਲਾਫ਼ ਕੀਤੀ ਜਾਂਦੀ ਬਿਆਨਬਾਜ਼ੀ ਤੋਂ ਤਾਂ ਬਹੁਤ ਜਿਆਦਾ ਦੁਖ਼ੀ ਹੁੰਦੇ ਸਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਪਰਿਵਾਰਾਂ ‘ਚ ਵੀ ਮਤਭੇਦ ਹੋਰ ਵੱਧਦੇ ਜਾ ਰਹੇ ਸਨ।
ਇਹ ਸਭ ਨੂੰ ਹੀ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਨੂੰ ਸੁਖਬੀਰ ਬਾਦਲ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ। ਜਦੋਂ ਸੁਖਬੀਰ ਬਾਦਲ ਦੀ ਸਿਆਸਤ ‘ਚ ਇੰਨੀ ਦਿਲਚਸਪੀ ਨਹੀਂ ਸੀ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਬਾਦਲ ਨੂੰ ਹੀ ਆਪਣਾ ਵਾਰਿਸ ਦੱਸਦੇ ਸਨ। ਪ੍ਰਕਾਸ਼ ਸਿੰਘ ਬਾਦਲ ਹੀ ਮਨਪ੍ਰੀਤ ਬਾਦਲ ਨੂੰ ਸਿਆਸਤ ‘ਚ ਲੈ ਕੇ ਆਏ ਸਨ ਅਕੇ ਸੂਬੇ ‘ਚ ਅਕਾਲੀ-ਭਾਜਪਾ ਗਠਜੋੜ ਨੂੰ ਸਾਲ 2007 ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਵਿੱਤ ਮੰਤਰੀ ਬਣਾਇਆ ਸੀ। ਬੇਸ਼ੱਕ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਵੀ ਉੱਪ-ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਹ ਜ਼ਿਆਦਾ ਤਵੱਜੋ ਮਨਪ੍ਰੀਤ ਬਾਦਲ ਨੂੰ ਦਿੰਦੇ ਸਨ ਤੇ ਇਹੀ ਗੱਲਾਂ ਸੁਖਬੀਰ ਬਾਦਲ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀਆਂ ਸਨ।