
ਨਵੇਂ ਸਾਲ ਦੇ ਪਹਿਲੇ ਦਿਨ ਸ਼ਹਿਰ ਦੇ ਪੀਏਪੀ ਚੌਕ ‘ਚ ਲੋਕਾਂ ਨੂੰ ਦੋ ਘੰਟੇ ਤਕ ਜਾਮ ਦਾ ਸਾਹਮਣਾ ਕਰਨਾ ਪਵੇਗਾ। ਉਪਰੋਕਤ ਐਲਾਨ ਲਤੀਫ਼ਪੁਰਾ ਦੇ ਮੁੜ ਵਸੇਬੇ ਨੂੰ ਲੈ ਕੇ ਤੇ ਨਗਰ ਨਿਗਮ ਖ਼ਿਲਾਫ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਨਿਚਰਵਾਰ ਨੂੰ ਕੀਤਾ। ਇਸ ਦੀ ਅਗਵਾਈ ਕਰ ਰਹੇ ਕਸ਼ਮੀਰ ਸਿੰਘ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਲਤੀਫਪੁਰਾ ਮਾਮਲੇ ਨੂੰ ਲੈ ਕੇ ਵਿਧਾਇਕ ਬਲਕਾਰ ਸਿੰਘ ਤੇ ਡੀਸੀ ਜਸਪ੍ਰਰੀਤ ਸਿੰਘ ਨਾਲ ਸ਼ਨਿਚਰਵਾਰ ਨੂੰ ਪ੍ਰਬੰਧਕੀ ਕੰਪਲੈਕਸ ‘ਚ ਮੀਟਿੰਗ ਕੀਤੀ ਗਈ। ਸ਼ਾਮ 4 ਵਜੇ ਮੀਟਿੰਗ ਸੱਦੀ ਗਈ ਪਰ 5 ਵਜੇ ਤਕ ਨਾ ਤਾਂ ਵਿਧਾਇਕ ਤੇ ਨਾ ਹੀ ਡੀਸੀ ਮੀਟਿੰਗ ‘ਚ ਸ਼ਾਮਲ ਹੋੋਏ। ਜਿਸ ਕਾਰਨ ਲਤੀਫਪੁਰਾ ਨੂੰ ਨਵੇਂ ਸਿਰੇ ਤੋਂ ਵਸਾਉਣ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਦਰਕਿਨਾਰ ਕਰ ਦਿੱਤਾ। ਇਸ ਦੇ ਰੋਸ ਵਜੋਂ ਪੀਏਪੀ ਚੌਕ ‘ਚ ਦੋ ਘੰਟੇ ਜਾਮ ਕਰਨਾ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਰਕਾਰ ਵੱਲੋਂ ਵਿਧਾਇਕ ਬਲਕਾਰ ਸਿੰਘ ਤੇ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮੂਹ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਸੀ। ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਸਮੇਂ ਸਿਰ ਪ੍ਰਬੰਧਕੀ ਕੰਪਲੈਕਸ ‘ਚ ਪੁੱਜ ਗਏ ਸਨ ਪਰ ਇਕ ਘੰਟਾ ਉਡੀਕ ਕਰਨ ਦੇ ਬਾਵਜੂਦ ਕੋਈ ਅਧਿਕਾਰੀ ਜਾਂ ਸਿਆਸੀ ਆਗੂ ਮੀਟਿੰਗ ‘ਚ ਨਹੀਂ ਪੁੱਜਾ। ਇਸੇ ਦੇ ਰੋਸ ‘ਚ ਹੀ ਇਹ ਫੈਸਲਾ ਲਿਆ ਗਿਆ ਹੈ। ਨਗਰ ਨਿਗਮ ਦੀ ਕਾਰਵਾਈ ਖ਼ਿਲਾਫ ਗੁੱਸਾ ਜ਼ਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਲਤੀਫਪੁਰਾ ‘ਚੋਂ ਉਜਾੜੇ ਗਏ ਲੋਕਾਂ ਨੂੰ ਇਸੇ ਥਾਂ ‘ਤੇ ਦੁਬਾਰਾ ਵਸਾਉਣ ਦਾ ਪ੍ਰਬੰਧ ਕੀਤਾ ਜਾਵੇ।