
ਗੁਰੁ ਸਾਹਿਬ ਦੀ “ਓਟ” ਤੇ “ਆੜ” ਵਿਚ ਫਰਕ ਹੁੰਦਾ ਹੈ
ਜਸਬੀਰ ਸਿੰਘ ਪੱਟੀ 9356024684
ਪੰਜਾਬ ਹਰ ਲਿਹਾਜ਼ ਨਾਲ ਦੇਸ਼ ਦਾ ਇੱਕ ਨੰਬਰ ਸੂਬਾ ਹੈ ਤੇ ਕੌਮੀ ਅਪਰਾਧ ਬਿਊਰੋ ਦੇ ਰਿਕਾਰਡ ਮੁਤਾਬਕ ਪੰਜਾਬ ਦਾ ਅਪਰਾਧਕ ਕਾਰਵਾਈਆਂ ਵਿੱਚ 17 ਵਾਂ ਨੰਬਰ ਹੈ ਪਰ ਜਿਸ ਤਰੀਕੇ ਨਾਲ ਕੌਮੀ ਮੀਡੀਏ ਵੱਲੋ ਅਜਨਾਲਾ ਘਟਨਾ ਨੂੰ ਲੈ ਕੇ ਪੰਜਾਬ ਵਿੱਚ ਖਾਲਿਸਤਾਨ ਦੇ ਅੰਦੋਲਨ ਨੂੰ ਪ੍ਰਚਾਰਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਪੰਜਾਬ ਨੂੰ ਇੱਕ ਵਾਰੀ ਫਿਰ ਨਾਇਕਾਂ ਦੀ ਬਜਾਏ ਖਲਨਾਇਕਾਂ ਦੀ ਕਤਾਰ ਵਿੱਚ ਖੜਾ ਕੀਤਾ ਜਾ ਰਿਹਾ ਹੈ।ਪੰਜਾਬ ਦੇਸ਼ ਦਾ ਸੂਬਾ ਨੰਬਰ ਇੱਕ ਹੈ ਤੇ ਅੱਜ ਵੀ ਇੱਕ ਨੰਬਰ ਹੀ ਹੈਪਰ ਪੰਜਾਬ ਨੂੰ ਕੇਂਦਰ ਨੇ ਹਮੇਸ਼ਾਂ ਹੀ ਪ੍ਰਯੋਗਸ਼ਾਲਾ ਵਜੋਂ ਵਰਤਿਆ ਹੈ।ਸੁਰੱਖਿਆ ਪੱਖੋ ਦੇਸ਼ ਭਰ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਬੇਸ਼ੱਕ ਅਸੁਰੱਖਿਅਤ ਮਹਿਸੂਸ ਕਰਦੇ ਹਨ ਪਰ ਪੰਜਾਬ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਸਮਝਦੇ ਹਨ।
ਪੰਜਾਬ ਵਿੱਚ ਅਕਸਰ ਹੀ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਉਸ ਦੀ ਕੋਈ ਜ਼ਿਆਦਾ ਜ਼ਿਕਰ ਨਹੀਂ ਹੁੰਦਾ ਪਰ ਜਦੋਂ ਸਿੱਖ ਨੌਜਵਾਨਾਂ ਦਾ ਘਾਣ ਕਰਨਾ ਹੁੰਦਾ ਹੈ ਤਾਂ ਉਦੋ ਖਾਲਿਸਤਾਨ ਦਾ ਭੂਤ ਬਾਹਰ ਕੱਢ ਲਿਆ ਜਾਂਦਾ ਹੈ।ਇਸ ਤੋਂ ਪਹਿਲਾਂ ਖਾਲਿਸਤਾਨ ਦੇ ਭੂਤ ਦਾ ਨਾਮ ਵਰਤ ਕੇ ਕਾਂਗਰਸ ਦੇਸ਼ ਭਰ ਵਿੱਚ ਬਾਰ ਬਾਰ ਸਰਕਾਰ ਬਣਾਉਦੀ ਰਹੀ ਹੈ ਤੇ ਹੁਣ ਭਾਜਪਾ ਵੱਲੋਂ ਇਸ “ਲੋਗੋ” ਨੂੰ ਵਰਤ ਕੇ 2024 ਵਿੱਚ ਸਰਕਾਰ ਬਣਾਉਣ ਦਾ ਸੁਫਨਾ ਵੇਖਿਆ ਜਾ ਰਿਹਾ ਹੈ।ਅਜਨਾਲਾ ਘਟਨਾ ਕੋਈ ਪਹਿਲੀ ਨਹੀਂ ਜਦੋ ਪੁਲੀਸ ਨਾਲ ਆਮ ਝੜਪ ਹੋਈ ਹੋਵੇ ਸਗੋਂ ਪਿਛਲੇ ਛੇ ਕੁ ਮਹੀਨਿਆਂ ਦਾ ਹੀ ਰਿਕਾਰਡ ਖੰਗਾਲ ਲਿਆ ਜਾਵੇ ਤਾਂ ਕਈ ਘਟਨਾਵਾਂ ਦਾ ਜ਼ਿਕਰ ਮਿਲ ਜਾਂਦਾ ਹੈ। ਜ਼ੀਰਾ ਕਿਸਾਨ ਮੋਰਚੇ ਸਮੇਂ ਵੀ ਕਿਸਾਨਾਂ ਤੇ ਪੁਲੀਸ ਦੀ ਝੜਪ ਹੋ ਚੁੱਕੀ ਹੈ ਜਿਸ ਵਿੱਚ ਪੁਲੀਸ ਨੂੰ ਅੱਗੇ ਲੱਗ ਕੇ ਭੱਜਣਾ ਪਿਆ ਸੀ ਤੇ ਕਈ ਪੁਲੀਸ ਵਾਲੇ ਜਖਮੀ ਹੋਏ ਸਨ।ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਕੌਮੀ ਇਨਸਾਫ ਮੋਰਚਾ ਨੂੰ ਲੈ ਕੇ ਵੀ ਪੁਲੀਸ ਤੇ ਨਿਹੰਗਾਂ ਵਿਚਕਾਰ ਡਾਂਗਾ ਖੜਕ ਚੁੱਕੀਆ ਹਨ। ਜ਼ੀਰਾ ਮੋਰਚੇ ਸਮੇਂ ਤਾਂ ਪੁਲ਼ੀਸ ਦਾ ਮੁਕਾਬਲਾ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਤਾਂ ਪੁਲੀਸ ਨੇ ਕਈ ਪਰਚੇ ਦਰਜ ਕੀਤੇ ਤੇ ਕਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਜਿਹਨਾਂ ਨੂੰ ਬਾਅਦ ਵਿੱਚ ਦਬਾਅ ਹੇਠ ਪੁਲੀਸ ਨੂੰ ਜ਼ਮਾਨਤਾਂ ‘ਤੇ ਰਿਹਾਅ ਕਰਨਾ ਪਿਆ ਸੀ।ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਹੋਈ ਝੜਪ ਸਮੇਂ ਵੀ 46 ਪੁਲੀਸ ਵਾਲੇ ਫੱਟੜ ਹੋਏ ਤੇ ਸੈਕੜਿਆਂ ਵਿਅਕਤੀਆਂ ‘ਤੇ ਪਰਚੇ ਵੀ ਦਰਜ ਹੋੋਏ।ਇਹਨਾਂ ਦੋ ਘਟਨਾਵਾਂ ਨੂੰ ਲੈ ਕੇ ਕੌਮੀ ਮੀਡੀਏ ਨੇ ਚੁੱਪੀ ਧਾਰੀ ਰੱਖੀ ਤੇ ਰੀਜ਼ਨਲ ਮੀਡੀਏ ਨੇ ਵੀ ਕੋਈ ਤਵੱਕੋ ਨਹੀ ਦਿੱਤੀ ਫਿਰ ਅਜਨਾਲਾ ਘਟਨਾ ਨੂੰ ਲੈ ਕੇ ਜਿੰਨਾ ਸ਼ੋਰ ਮਚਾਇਆ ਗਿਆ ਹੈ ਇਹ ਸਪੱਸ਼ਟ ਕਰਦਾ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਸਾਂਝਾ ਏਜੰਡਾ ਹੈ ਕਿ 2024 ਵਿੱਚ ਸਾਰੇ ਮੁੱਦੇ ਲੱਗਪੱਗ ਖਤਮ ਹੋ ਚੁੱਕੇ ਹਨ ਤੇ ਹੁਣ ਖਾਲਿਸਤਾਨ ਦਾ ਹੀ ਮੁੱਦਾ ਬਚਿਆ ਹੈ ਤੇ ਇਸ ਮੁੱਦੇ ਨੂੰ ਹੀ ੳਭਾਰ ਕੇ ਚੋਣ ਜਿੱਤਣ ਦਾ ਮਨਸੂਬਾ ਬਣਾਇਆ ਜਾ ਰਿਹਾ ਹੈ ।
“ਅਜਨਾਲਾ ਤਾਂ ਇੱਕ ਸਿਰਫ ਇੱਕ ਝਾਕੀ ਹੈ ਅਸਲੀ ਫਿਲਮ ਹਾਲੇ ਬਾਕੀ ਹੈ।”
ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਵੀ ਵੱਡੀ ਘਟਨਾ ਨੂੰ ਅੰਜ਼ਾਮ ਦੇ ਕੇ ਹਾਈ ਵੋਲਟੇਜ ਡਰਾਮਾ ਕੀਤਾ ਜਾਵੇਗਾ।ਜ਼ੀਰਾ ਤੇ ਚੰਡੀਗੜ੍ਹ ਵਿੱਚ ਤਾਂ ਮੁਕੱਦਮੇ ਦਰਜ ਕੀਤੇ ਗਏ ਪਰ ਅਜਨਾਲਾ ਵਿੱਚ ਤਾਂ ਪਰਚੇ ਦਰਜ ਹੀ ਨਹੀਂ ਕੀਤੇ ਗਏ ਸਗੋਂ ਜਿਹੜੇ ਦਰਜ ਸਨ ਉਹ ਵੀ ਖਾਰਜ ਕਰ ਦਿੱਤੇ ਗਏ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਖਤਰਾ ਹੈ।
ਉੱਤਰ ਪ੍ਰਦੇਸ਼ ਅੱਜ ਵੀ ਅਪਰਾਧ ਦੀ ਦੁਨੀਆ ਵਿੱਚ ਪਹਿਲੇ ਨੰਬਰ ਹੈ ਪਰ ਪਰਚਾਰ ਇੰਜ ਕੀਤਾ ਜਾ ਰਿਹਾ ਹੈ ਜਿਵੇਂ ਉਥੋਂ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਨੇ ਅਪਰਾਧੀਆਂ ‘ਤੇ ਨਕੇਲ ਕੱਸ ਕੇ ਬਹੁਤ ਸਾਰਿਆਂ ਨੂੰ ਮਾਰ ਮੁਕਾ ਦਿੱਤਾ ਹੋਵੇ ਜਦ ਕਿ ਸੱਚਾਈ ਇਸ ਦੇ ਬਿਲਕੁਲ ਉਲਟ ਹੈ ਕਿਉਕਿ ਅਪਰਾਧੀ ਉਸ ਵੇਲੇ ਹੀ ਪਨਪਦੇ ਹਨ ਜਦੋਂ ਉਹਨਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੋਵੇ। ਉੱਤਰ ਪ੍ਰਦੇਸ਼ ਵਿੱਚ ਅਪਰਾਧੀਆ ਦੇ ਆਕਾ ਬਦਲੇ ਹਨ ਤੇ ਪਰ ਅਪਰਾਧੀ ਅੱਜ ਵੀ ਮੌਜੂਦ ਹਨ ਤੇ ਅਪਰਾਧ ਵੀ ਜਾਰੀ ਹੈ। ਜਿਹਨਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ੳਹਨਾਂ ਵਿੱਚ ਵਧੇਰੇ ਕਰਕੇ ਘੱਟ ਗਿਣਤੀ ਨਾਲ ਸਬੰਧਿਤ ਹਨ।
ਆਮ ਆਦਮੀ ਪਾਰਟੀ ਦੀ ਵੀ ਦਿੱਲੀ ਵਿੱਚ ਉਸ ਵੇਲੇ ਬਿੱਲੀ ਥੈਲਿਉ ਬਾਹਰ ਆ ਗਈ ਜਦੋਂ ਦਿੱਲੀ ਵਿੱਚ ਆਬਕਾਰੀ ਨੀਤੀ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਸੀ ਬੀ ਆਈ ਦੀ ਗ੍ਰਿਫਤ ਵਿੱਚ ਆ ਗਏ, ਜਿਹੜਾ ਕਲ੍ਹ ਤੱਕ ਸ਼ਹੀਦ ਭਗਤ ਸਿੰਘ ਦਾ ਮਖੌਟਾ ਪਾ ਕੇ ਆਪਣੀ ਫਿਦਰਤ ਬਦਲੀ ਬੈਠਾ ਸੀ।ਗੁਜਰਾਤ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਉਸ ਨੇ ਇਸ ਪਾਰਟੀ ਦਾ ਅੰਦਰ ਪੇਟਾ ਬਾਹਰ ਲਿਆ ਦਿੱਤਾ ਤੇ ਹਾਲੇ ਵੀ ਕੇਜਰੀਵਾਲ ਭਗਤ ਇਹੀ ਪ੍ਰਚਾਰ ਕਰ ਰਹੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਕਰ ਕੋਈ ਮੋਦੀ ਨੂੰ ਟੱਕਰ ਦੇ ਸਕਦਾ ਹੈ ਹੈ ਤਾਂ ਉਹ ਸਿਰਫ ਕੇਜਰੀਵਾਲ ਹੀ ਹੈ। ਆਮ ਆਦਮੀ ਪਾਰਟੀ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਕਾਂਗਰਸ ਨੂੰ ਸੱਤਾ ਵਿੱਚੋ ਬਾਹਰ ਕਿਵੇਂ ਕਰਨਾ ਹੈ।
ਇੱਕ ਮੌਲਵੀ ਨੇ ਕਹਾਣੀ ਸੁਣਾਈ ਕਿ ਇੱਕ ਚਿੜਾ ਤੇ ਚਿੜੀ ਇੱਕ ਦਰੱਖਤ ਤੇ ਬੈਠੇ ਸਨ ਕਿ ਚਿੜੀ ਨੇ ਚਿੜੇ ਨੂੰ ਸੁਚੇਤ ਕੀਤਾ ਕਿ ਉਹ ਦੂਰੋ ਕੋਈ ਸ਼ਿਕਾਰੀ ਆ ਰਿਹਾ ਹੈ ਤਾਂ ਚਿੜੇ ਨੇ ਪਹਿਰਾਵਾ ਦੇਖ ਕੇ ਕਿਹਾ ਨਹੀ ਇਹ ਤਾਂ ਕੋਈ ਧਰਮਾਤਾਮਾ ਪੁਰਸ਼ ਹੈ ਸ਼ਿਕਾਰੀ ਨਹੀ। ਇੰਨੇ ਚਿਰ ਨੂੰ ਇੱਕ ਤੀਰ ਆਇਆ ਤੇ ਚਿੜੇ ਨੂੰ ਨਾਲ ਹੀ ਵਲੇਟ ਕੇ ਲੈ ਗਿਆ। ਚਿੜੀ ਨੂੰ ਬਹੁਤ ਦੁੱਖ ਹੋਇਆ ਤੇ ਉਸ ਨੇ ਰਾਜੇ ਨੂੰ ਸ਼ਕਾਇਤ ਕਰ ਦਿੱਤੀ।ਰਾਜੇ ਨੇ ਅਪਣੇ ਅਹਿਲਕਾਰਾਂ ਨੂੰ ਹੁਕਮ ਕਰਕੇ ਉਸ ਧਰਮਾਤਮਾ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਿੱਚ ਪੇਸ਼ ਕਰਨ ਲਈ ਕਿਹਾ।ਉਸ ਧਰਮਾਤਾਮਾ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।ਰਾਜੇ ਨੇ ਚਿੜੀ ਨੂੰ ਪੁੱਛਿਆ ਕਿ ਕੀ ਉਹ ਕੋਈ ਕਾਰਵਾਈ ਚਾਹੁੰਦੀ ਹੈ ਕਿ ਇਸ ਦਾ ਵੀ ਚਿੜੇ ਵਾਂਗ ਸਿਰ ਕਲਮ ਕਰ ਦਿੱਤਾ ਜਾਵੇ ਤਾਂ ਉਸ ਚਿੜੀ ਨੇ ਕਿਹਾ ਕਿ ਮੇਰਾ ਇਸ ਦਾ ਸਿਰ ਕਲਮ ਕਰਾਉਣ ਦਾ ਕੋਈ ਇਰਾਦਾ ਨਹੀਂ ਹੈ ਸਗੋਂ ਮੈ ਤਾਂ ਇਹ ਚਾਹੁੰਦੀ ਹਾਂ ਕਿ ਇਸ ਘਟਨਾ ਨੂੰ ਲੈ ਕੇ ਇੱਕ ਵਿਸ਼ੇਸ਼ ਹੁਕਮ ਕੀਤਾ ਜਾਵੇ ਕਿ ਜਿਹੋ ਜਿਹਾ ਕੌਈ ਕਰਮ ਕਰਦਾ ਹੈ ਉਸ ਦਾ ਪਹਿਰਾਵਾ ਵੀ ਉਸ ਦੇ ਕਰਮ ਮੁਤਾਬਕ ਹੀ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਸ਼ਿਕਾਰੀ, ਕਸਾਈ ਤੇ ਧਰਮਾਤਮਾ ਦੀ ਪਛਾਣ ਹੋ ਸਕੇ।ਆਮ ਆਦਮੀ ਪਾਰਟੀ ਵਾਲੇ ਵੀ ਸ਼ਹੀਦ ਭਗਤ ਸਿੰਘ ਵਰਗਾ ਪਹਿਰਾਵਾ ਪਾ ਕੇ ਜਿਸ ਤਰ੍ਹਾਂ ਦਾ ਅਪਰਾਧ ਕਰ ਰਹੇ ਹਨ ਉਹ ਅਜ਼ਾਦੀ ਘੁਲਾਟੀਆ ਦੇ ਭੇਸ ੋਿਵੱਚ ਅਪਰਾਧੀਆ ਵਾਲੀਆਾਂ ਕਾਰਵਾਈਆ ਹਨ। ਜਿਸ ਦਾ ਸਬੂਤ ਦਿਲੀ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਤੇ ਪੰਜਾਬ ਵਿੱਚ ਵੀ ਕੇ ਸਿੰਗਲਾ, ਫੌਜਾ ਸਿੰਘ ਸਰਾਰੀ ਤੇ ਅਮਿਤ ਰਤਨ ਦੀਆਂ ਕਰਵਾਈਆਂ ਸਾਬਤ ਕਰਦੀਆ ਹਨ ਕਿ ਇਹ ਸ਼ੇਰ ਦੀ ਖੱਲ ਵਿੱਚ .. .. .. ਹਨ।ਪ੍ਰਸਿੱਧ ਲਿਖਾਰੀ ਤੇ ਬੁੱਧੀਜੀਵੀ ਤੇ ਆਪਣੀ ਬੇਬਾਕ ਅਵਾਜ਼ ਬੁਲੰਦ ਕਰਨ ਵਾਲੇ ਮਾਲਵਿੰਦਰ ਸਿੰਘ ਮਾਲੀ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਛਲੇਡਾ ਦਾ ਲਕਬ ਦੇ ਕੇ ਨਿਵਾਜਦੇ ਹਨ।
ਪੰਜਾਬ ਅੱਜ ਵੀ ਭਾਵੇਂ ਗੈਂਗਸਟਰਾਂ ਤੇ ਨਸ਼ਿਆਂ ਕਰਕੇ ਚਰਚਾ ਵਿੱਚ ਹੈ ਪਰ ਇਹ ਵਰਤਾਰਾ ਇਕੱਲੇ ਪੰਜਾਬ ਵਿੱਚ ਹੀ ਨਹੀ ਸਗੋਂ ਕੌਮੀ ਹੀ ਨਹੀਂ ਕੌਮਾਤਰੀ ਵਰਤਾਰਾ ਹੈ ਤੇ ਇੱਕ ਸਾਜਿਸ਼ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਅੰਮ੍ਰਿਤਪਾਲ ਸਿੰਘ ਨੇ ਜਦੋਂ ਪੰਜਾਬ ਵਿੱਚ ਐਂਟਰੀ ਮਾਰੀ ਤਾਂ ਉਸ ਨੂੰ ਨੌਜਵਾਨਾਂ ਦਾ ਸਾਥ ਇਸ ਕਰਕੇ ਮਿਲ ਗਿਆ ਕਿ ਉਹ ਨਸ਼ੇ ਛੁਡਾਉਣ ਤੇ ਅੰਮ੍ਰਿਤ ਛਕਾਉਣ ਦੀ ਬਾਤ ਹਾ ਰਿਹਾ ਸੀ। ਅੰਮ੍ਰਿਤਪਾਲ ਦੀ ਹਰਮਨ ਪਿਆਰਤਾ ਵਿੱਚ ਉਸ ਵੇਲੇ ਕਮੀ ਆਉਣੀ ਸ਼ੁਰੂ ਹੋ ਗਈ ਜਦੋਂ ਉਸ ਨੇ ਨੀਵੈਂ ਜਗਾ ਤੇ ਗੁਰਦੁਆਰਿਆ ਵਿੱਚ ਲਗਾਈਆਂ ਕੁਰਸੀਆ ਸਿਰਫ ਬਾਹਰ ਹੀ ਨਹੀਂ ਕੱਢੀਆ ਸਗੋਂ ਉਹਨਾਂ ਨੂੰ ਅੱਗ ਲਗਾ ਕੇ ਸਾੜਦਿਆਂ ਦੀ ਵੀਡੀਉ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਈ ਸੀ।ਅਜਨਾਲਾ ਵਾਲੀ ਘਟਨਾ ਨੇ ਤਾਂ ਫਿਰ ਸਿਰਾ ਹੀ ਲਗਾ ਕੇ ਰੱਖ ਦਿੱਤਾ ਹੈ।ਹੁਣ ਪਾਲਕੀ ਸਾਹਿਬ ਨੂੰ ਅਜਨਾਲਾ ਵਿਖੇ ਲਿਜਾਣ ਬਾਰੇ ਇਹ ਕਹਿ ਕੇ ਜਾਇਜ਼ ਠਹਿਰਾਇਆ ਜਾ ਰਿਹਾ ਹੈ ਕਿ ਸਿੱਖ ਫੌਜੀ ਪਲਟਨਾਂ ਤੇ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਪਾਲਕੀ ਸਾਹਿਬ ਫੌਜਾ ਦੇ ਨਾਲ ਇਸੇ ਤਰ੍ਹਾਂ ਹੀ ਜਾਂਦੀ ਸੀ ਪਰ ਅੰਮ੍ਰਿਤਪਾਲ ਸਿੰਘ ਭੁੱਲਦੇ ਹਨ ਕਿ “ਓਟ” ਤੇ “ਆੜ” ਵਿੱਚ ਫਰਕ ਹੁੰਦਾ ਹੈ। ਸਿੱਖ ਫੌਜੀ ਗੁਰੁ ਸਾਹਿਬ ਦੀ ਓਟ ਲੈਣ ਲਈ ਨਾਲ ਲੈ ਕੇ ਚੱਲਦੇ ਹਨ ਪਰ ਅਜਨਾਲੇ ਵਿੱਚ ਗੁਰੁ ਸਾਹਿਬ ਦੀ “ਆੜ” ਹੇਠ ਥਾਣੇ ਤੇ ਕਬਜ਼ਾ ਕੀਤਾ ਗਿਆ ਹੈ ਜਿਸ ਦੀ ਹਰ ਪਾਸਿਉ ਨਿਖੇਧੀ ਹੋਈ ਹੈ।ਅੰਮ੍ਰਿਤਪਾਲ ਜੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਬਾਣੀ ਵੱਖ ਵੱਖ ਭਗਤਾਂ ਦੀ ਹੈ ਤੇ ਪੰਜ ਪਿਆਰੇ ਵੀ ਇਕੱਲੇ ਪੰਜਾਬ ਵਿੱਚੋ ਹੀ ਨਹੀ ਸਗੋਂ ਸਾਰੇ ਭਾਰਤ ਵਿੱਚੋਂ ਸਨ, ਇਸ ਲਈ ਜੇਕਰ ਪ੍ਰਚਾਰ ਦੀ ਗੱਲ ਕਰਦੇ ਹੋ ਤਾਂ ਪ੍ਰਚਾਰ ਦਾ ਕੇਂਦਰ ਇਕੱਲਾ ਪੰਜਾਬ ਹੀ ਨਹੀਂ ਸਗੋ ਪੂਰਾ ਦੇਸ਼ ਹੋਣਾ ਚਾਹੀਦਾ ਹੈ।ਗੁਰੁ ਸਾਹਿਬ ਦੀ “ਓਟ” ਲਉਗੇ ਤਾਂ ਸੰਗਤਾਂ ਸਹਿਯੋਗ ਕਰਨਗੀਆਂ “ਆੜ” ਲਉਗੇ ਤਾਂ ਸੰਗਤਾਂ ਵਿਰੋਧ ਕਰਨਗੀਆਂ।ਕਿਸੇ ਦਾ ਹੱਥ ਠੋਕਾ ਨਹੀਂ ਬਣਨਾ ਚਾਹੀਦਾ। ਸਰਕਾਰਾਂ ਹਮੇਸ਼ਾਂ ਵਰਤਦੀਆਂ ਰਹੀਆਂ ਹਨ ਤੇ ਅਖੀਰ ਜੋ ਹਸ਼ਰ ਹੁੰਦਾ ਹੈ ਉਸ ਤੋਂ ਸਾਰਿਆਂ ਨੂੰ ਵਾਕਿਫ ਹੋਣਾ ਚਾਹੀਦਾ ਹੈ।ਰੱਬ ਖੈਰ ਕਰੇ!
