Politics

YouTube ਚੈਨਲਾਂ ਨੇ ਫ਼ੈਲਾਈ ਅਫ਼ਵਾਹ, ਅਖ਼ੇ ਮੁੜ ਟੁੱਟ ਸਕਦੈ ਧੁੱਸੀ ਬੰਨ! ਪ੍ਰਸ਼ਾਸਨ ਨੇ ਕਿਹਾ- ਕਰਾਂਗੇ ਕਾਨੂੰਨੀ ਕਾਰਵਾਈ

ਪਿੰਡ ਜਗਤਪੁਰ-ਟਾਂਡਾ ਨੇੜੇ ਬੀਤੇ ਦਿਨੀ ਪੂਰੇ ਗਏ ਧੁੱਸੀ ਬੰਨ ਦੇ ਕਮਜ਼ੋਰ ਹੋਣ ਅਤੇ ਮੁੜ ਟੁੱਟ ਜਾਣ ਦੇ ਖਦਸ਼ੇ ਦੀ ਅਫ਼ਵਾਹ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਰੇ ਤੋਂ ਖਾਰਜ ਕੀਤਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਜਿਹੀਆਂ ਅਫ਼ਵਾਹਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਜਗਤਪੁਰਾ-ਟਾਂਡਾ ਨੇੜੇ ਭਰਿਆ ਗਿਆ ਧੁੱਸੀ ਦਾ ਬੰਨ ਪੂਰੀ ਤਰ੍ਹਾਂ ਮਜ਼ਬੂਤ ਅਤੇ ਸੁਰੱਖਿਅਤ ਹੈ ਅਤੇ ਇਸਦੇ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬੰਨ ਨੂੰ ਹੋਰ ਚੌੜਿਆਂ ਅਤੇ ਮਜ਼ਬੂਤ ਕਰਨ ਦਾ ਕੰਮ ਵੀ ਦਿਨ-ਰਾਤ ਲਗਾਤਾਰ ਜਾਰੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਜਾਂ ਝੂਠੀਆਂ ਖ਼ਬਰਾਂ ਵਿੱਚ ਬਿਲਕੁਲ ਯਕੀਨ ਨਾ ਕਰਨ ਕਿਉਂਕਿ ਬੰਨ ਟੁੱਟਣ ਦੀ ਗੱਲ ਵਿੱਚ ਕੋਈ ਵੀ ਸਚਾਈ ਨਹੀਂ ਹੈ। ਗਲਤ ਅਫ਼ਵਾਹਾਂ ਫੈਲਾਉਣ ਵਾਲੇ ਅਨਸਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਜਿਹੜੇ ਵੀ ਲੋਕ ਅਜਿਹੀਆਂ ਅਫ਼ਵਾਹਾਂ ਫੈਲਾਅ ਕੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰ ਰਹੇ ਹਨ, ਉਨ੍ਹਾਂ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੁਝ ਲੋਕਲ ਯੂਟੀਊਬ ਚੈਨਲਾਂ ਵੱਲੋਂ ਅਜਿਹੀ ਖ਼ਬਰ ਪ੍ਰਸਾਰਿਤ ਕੀਤੀ ਗਈ ਸੀ ਕਿ ਮੁੜ ਤੋਂ ਧੁੱਸੀ ਬੰਨ੍ਹ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਡੈਮਾਂ ਵਿਚੋਂ ਵੀ ਪਾਣੀ ਛੱਡਣਾ ਵੀ ਹੋਵੇਗਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸਦੀ ਅਗਾਊਂ ਸੂਚਨਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਡੈਮਾਂ ਵਿੱਚ ਪਾਣੀ ਦਾ ਪੱਧਰ ਵੀ ਬਿਲਕੁਲ ਠੀਕ ਹੈ ਅਤੇ ਦਰਿਆਵਾਂ ਵਿੱਚ ਵੀ ਪਾਣੀ ਕੰਟਰੋਲ ਹੇਠ ਆ ਰਿਹਾ ਹੈ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸੂਚਨਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਦੀ ਅਧਿਕਾਰਤ ਸੂਚਨਾ ਉੱਪਰ ਹੀ ਯਕੀਨ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਹੈ ਕਿ ਕਿਸੇ ਵੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ 1800-180-1852 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸਦੇ ਨਾਲ ਹੀ ਮੀਡੀਆ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਕੋਈ ਵੀ ਅਜਿਹੀ ਖ਼ਬਰ ਨਸ਼ਰ ਕਰਨ ਤੋਂ ਪਹਿਲਾਂ ਸਬੰਧਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਪੱਖ ਜਰੂਰ ਜਾਣ ਲੈਣ ਅਤੇ ਉਸਤੋਂ ਬਾਅਦ ਕੇਵਲ ਸਹੀ ਤੱਥਾਂ ਨਾਲ ਹੀ ਖ਼ਬਰ ਨੂੰ ਨਸ਼ਰ ਕੀਤਾ ਜਾਵੇ।

Leave a Reply

Your email address will not be published.

Back to top button