
ਅਮਰੀਕਾ ਵਿਚ ਚੋਰ-ਲੁਟੇਰੇ ਅਕਸਰ ਸਟੋਰਾਂ ‘ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਕਈ ਵਾਰ ਲੈਣੇ ਦੇ ਦੇਣ ਵੀ ਪੈ ਸਕਦੇ ਹਨ। ਅਜਿਹੀ ਹੀ ਇਕ ਵਾਰਦਾਤ ਕੈਲੇਫੋਰਨੀਆ ਦੇ ਬੇਅ ਏਰੀਆ ਵਿਚ ਪੰਜਾਬੀ ਪਰਵਾਰ ਦੇ ਸਟੋਰ ‘ਤੇ ਵਾਪਰੀ ਦੱਸੀ ਜਾ ਰਹੀ ਹੈ ਜਿਥੇ ਲੁਟੇਰੇ ਦੀ ਡਾਂਗਾਂ ਨਾਲ ਸੇਵਾ ਹੋਈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਚੋਰ ਸਟੋਰ ਲੁੱਟਣ ਦੇ ਇਰਾਦੇ ਨਾਲ ਆਉਂਦਾ ਹੈ ਅਤੇ ਕੂੜੇਦਾਨ ਵਿਚ ਹੀ ਸਾਰਾ ਸਮਾਨ ਪਾਉਣ ਦਾ ਯਤਨ ਕਰਦਾ ਹੈ ਪਰ ਸੰਭਾਵਤ ਤੌਰ ‘ਤੇ ਨਸ਼ੇ ਵਿਚ ਹੋਣ ਕਾਰਨ ਗੱਲ ਨਹੀਂ ਬਣਦੀ। ਚੋਰ ਦੇ ਮੂੰਹ ‘ਤੇ ਨੀਲਾ ਕੱਪੜਾ ਲਪੇਟਿਆ ਵੀ ਦੇਖਿਆ ਜਾ ਸਕਦਾ ਹੈ ਅਤੇ ਉਹ ਆਪਣੇ ਕੋਲ ਹਥਿਆਰ ਹੋਣ ਦਾ ਡਰਾਮਾ ਵੀ ਕਰਦਾ ਹੈ।