
ਜਲੰਧਰ/ SS Chahal
ਸ਼ੋ੍ਰਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਮੌਕੇ ਪ੍ਰਰੈੱਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਬਿਕਰਮ ਸਿੰਘ ਮਜੀਠੀਆ, ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ, ਪਰਮਬੰਸ ਸਿੰਘ ਰੁਮਾਣਾ ਤੇ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਸੂਬਾ ਸਰਕਾਰ ‘ਤੇ ਵਰ੍ਹਦਿਆਂ ਕਈ ਦੋਸ਼ ਲਾ ਕੇ ਲੋਕਾਂ ਨੂੰ ਆਪਣੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਦੀ ਅਪੀਲ ਕੀਤੀ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਿੱਲੀ ਸਰਕਾਰ ਤੇ ਸੂਬਾ ਸਰਕਾਰ ਦਾ ਸਿੱਖਾਂ ਤੇ ਦਲਿਤ ਸਮਾਜ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਆਪ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਇਕ ਵੀ ਸਿੱਖ ਮੰਤਰੀ ਤੇ ਦਲਿਤ ਨੂੰ ਕੈਬਨਿਟ ‘ਚ ਸ਼ਾਮਲ ਨਹੀਂ ਕੀਤਾ ਤੇ ਭਗਵੰਤ ਮਾਨ ਨੇ ਵੀ ਉਪ ਮੁੱਖ ਮੰਤਰੀ ਦਲਿਤ ਸਮਾਜ ‘ਚੋਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪੰਜਾਬ ‘ਚ ਜੋ ਵਰਤਾਰਾ ਕੀਤਾ ਜਾ ਰਿਹਾ ਹੈ ਉਸ ਨਾਲ ਸਿੱਖਾਂ ਦਾ ਅਕਸ ਖ਼ਰਾਬ ਹੋ ਰਿਹਾ ਹੈ। ਹਵਾਈ ਅੱਡੇ ‘ਤੇ ਅੰਮਿ੍ਤਪਾਲ ਦੀ ਪਤਨੀ ਨਾਲ ਕੀਤਾ ਗਿਆ ਵਰਤਾਰਾ ਨਿੰਦਣਯੋਗ ਹੈ। ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਦਿੱਲੀ ਤੇ ਸੂਬਾ ਸਰਕਾਰ, ਜੋ ਕਿ ਕੱਟੜ ਇਮਾਨਦਾਰ ਹੋਣ ਦਾ ਮਖੋਟਾ ਪਾਈ ਬੈਠੀ ਹੈ, ਜਿਸ ਦੇ ਵਿਧਾਇਕ ਤੇ ਮੰਤਰੀ ਸਿਰੇ ਦੇ ਭਿ੍ਸ਼ਟ ਹਨ। ਪਰਮਬੇਸ ਸਿੰਘ ਰੁਮਾਣਾ ਨੇ ਕਿਹਾ ਕਿ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਉਸ ਦਾ ਪਿਉ ਤੇ ਕਈ ਮੰਤਰੀ ਤੇ ਵਿਧਾਇਕ ਲੋਕਾਂ ‘ਤੇ ਪਰਚੇ ਦਰਜ ਕਰਵਾ ਕੇ ਪੈਸੇ ਬਟੋਰਣ ਦਾ ਧੰਦਾ ਕਰਦੇ ਹਨ। ਡਾ. ਸੁਖਵਿੰਦਰ ਸਿੰਘ ਸੁਖੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਵੋਟ ਪਾਉਣ ਤੋਂ ਪਹਿਲਾਂ ਇਮਾਨਦਾਰ ਤੇ ਸੂਝਵਾਨ ਉਮੀਦਵਾਰ ਨੂੰ ਹੀ ਵੋਟ ਪਾਉਣ ਤੇ ਫਿਰ ਦੁਬਾਰਾ ਤੋਂ ਠੱਗੇ ਨਾ ਜਾਣ।