ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਾਰਥਨਾ ਸਭਾ ਵਿੱਚ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ।ਜਿਸ ਵਿੱਚ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਵੱਖ-ਵੱਖ ਗਤੀਵਿਧੀਆਂ ਦੌਰਾਨ ਲੈਕਚਰ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇੱਕ ਵਿਦਿਆਰਥੀ ਵੱਲੋਂ ਪੋਹ ਮਹੀਨੇ ਦੇ ਇਤਿਹਾਸ ਨਾਲ ਰੂਬਰੂ ਕਰਵਾਇਆ ਗਿਆ।ਕੁਝ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਦੇ ਬੁਲੰਦ ਹੌਂਸਲੇ ਅਤੇ ਬਹਾਦਰੀ ਨੂੰ ਬਿਆਨ ਕਰਦੇ ਹੋਏ ਬੀਰ ਰਸ ਭਰਪੂਰ ਜੋਸ਼ੀਲੀਆਂ ਕਵਿਤਾਵਾਂ ਗਾ ਕੇ ਉਹਨਾਂ ਨੂੰ ਯਾਦ ਕੀਤਾ।
ਇਹਨਾਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਦਸਮ ਗੁਰੂ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਨੇ ਧਰਮ ਦੀ ਖ਼ਾਤਰ ਛੋਟੀਆਂ ਉਮਰਾਂ ਵਿੱਚ ਹੀ ਆਪਣੀਆਂ ਨਿੱਕੀਆਂ ਜਿੰਦੜੀਆਂ ਕੁਰਬਾਨ ਕਰ ਦਿੱਤੀਆਂ।ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਆਪਣਾ ਸਾਰਾ ਸਰਬੰਸ(ਪਰਿਵਾਰ) ਹੀ ਧਰਮ ਦੀ ਖ਼ਾਤਰ ਕੁਰਬਾਨ ਕਰ ਦਿੱਤਾ ਜਿਸ ਕਰਕੇ ਸਿੱਖ ਇਤਿਹਾਸ ਵਿੱਚ ਗੁਰੂ ਜੀ ਨੂੰ ਸਰਬੰਸਦਾਨੀ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।ਵਿਦਿਆਰਥੀਆਂ ਵੱਲੋਂ ਦਸਮ ਗੁਰੂ ਜੀ ਦੇ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ-ਕੋਟਿ ਨਮਨ ਕੀਤਾ ਗਿਆ।