
ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਸੰਘਾ ਦੀ ਬਦਲੀ ਉਪਰੰਤ ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸਬ-ਰਜਿਸਟਰਾਰ ਜਲੰਧਰ-1 ਗੁਰਪ੍ਰਰੀਤ ਸਿੰਘ ਨੂੰ ਸੌਂਪਦਿਆਂ ਗੁਰਦੁਆਰਾ ਤੱਲ੍ਹਣ ਸਾਹਿਬ ਦਾ ਰਿਸੀਵਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਉਪਰੰਤ ਗੁਰਪ੍ਰਰੀਤ ਸਿੰਘ ਬੀਤੇ ਦਿਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਗੱਲਬਾਤ ਕਰਦਿਆਂ ਰਿਸੀਵਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਦੇਸ਼ ਵਿਦੇਸ਼ ਦੀ ਸੰਗਤ ਦੀ ਆਸਥਾ ਦੇ ਪ੍ਰਤੀਕ ਗੁਰਦੁਆਰਾ ਧੰਨ-ਧੰਨ ਸ਼ਹੀਦ ਨਿਹਾਲ ਸਿੰਘ ਜੀ ਦੇ 2007 ‘ਚ ਪਹਿਲੇ ਰਸੀਵਰ ਵਜੋਂ ਪਹਿਲਾਂ ਵੀ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧਕ ਕਮੇਟੀ ‘ਚ ਸੇਵਾ ਕਰ ਰਹੇ ਸੇਵਾਦਾਰਾਂ ਨਾਲ ਮਿਲ ਕੇ ਹੋਰ ਬਿਹਤਰ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐੱਸਡੀਐੱਮ ਜਲੰਧਰ-1 ਵਿਕਾਸ ਹੀਰਾ ਵੱਲੋਂ ਗੁਰਦੁਆਰਾ ਤੱਲ੍ਹਣ ਸਾਹਿਬ ਦੇ ਰਿਸੀਵਰ ਦੀ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਉਹ ਗੁਰੂਘਰ ਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਲਈ ਪ੍ਰਬੰਧਾਂ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਬਲਜੀਤ ਸਿੰਘ ਤੇ ਭਾਈ ਹਰਪ੍ਰਰੀਤ ਸਿੰਘ ਵੱਲੋਂ ਰਿਸੀਵਰ ਗੁਰਪ੍ਰਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸੰਨਮਾਨਿਤ ਕੀਤਾ ਗਿਆ।