JalandharPunjab

ਡਿਪਟੀ ਕਮਿਸ਼ਨਰ ਵੱਲੋਂ ਆਦਮਪੁਰ ਸਿਵਲ ਏਅਰਪੋਰਟ ਦਾ ਦੌਰਾ, ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

ਕਿਹਾ – ਇਸ ਮਹੀਨੇ ਦੇ ਅਖੀਰ ਤੱਕ ਟਰਮੀਨਲ ਦੀ ਇਮਾਰਤ ਮੁਕੰਮਲ ਹੋ ਜਾਵੇਗੀ

ਜਲੰਧਰ, ਐਚ ਐਸ ਚਾਵਲਾ।

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਦਮਪੁਰ ਸਿਵਲ ਏਅਰਪੋਰਟ ਦਾ ਦੌਰਾ ਕਰਦਿਆਂ ਉਥੇ ਨਵੇਂ ਟਰਮੀਨਲ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਏਅਰਪੋਰਟ ਅਪਰੋਚ ਰੋਡ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਅਰਪੋਰਟ ਵਿਖੇ 83.12 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਟਰਮੀਨਲ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਥੇ ਅਤਿ ਆਧੁਨਿਕ ਬੁਨਿਆਦੀ ਢਾਂਚੇ, ਵੀ.ਆਈ.ਪੀ. ਲਾਊਂਜ਼, ਨਵੇਂ ਅਰਾਈਵਲ ਤੇ ਡਿਪਾਰਚਰ ਗੇਟਸ ਸਮੇਤ ਯਾਤਰੀਆਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਤੱਕ ਟਰਮੀਨਲ ਦੀ ਇਮਾਰਤ ਮੁਕੰਮਲ ਹੋ ਜਾਵੇਗੀ । ਉਨ੍ਹਾਂ ਟਰਮੀਨਲ ਦੇ ਪਿੱਛੇ ਪਾਰਕਿੰਗ, ਜਿਸ ਦੀ ਕੁਨੈਕਟੀਵਿਟੀ ਰਨ-ਵੇ ਨਾਲ ਹੋਵੇਗੀ, ਦਾ ਵੀ ਜਾਇਜ਼ਾ ਲਿਆ। 

ਏਅਰਪੋਰਟ ਨੂੰ ਜਾਂਦੀ ਸੜਕ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਜਸਪ੍ਰੀਤ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪ੍ਰਾਜੈਕਟ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ । ਉਨ੍ਹਾਂ ਕਿਹਾ ਕਿ ਅਪਰੋਚ ਰੋਡ ਦੇ ਬਣਨ ਨਾਲ ਯਾਤਰੀਆਂ ਨੂੰ ਬੇਹੱਦ ਸਹੂਲਤ ਹੋਵੇਗੀ, ਜਿਨ੍ਹਾਂ ਨੂੰ ਏਅਰਪੋਰਟ ਜਾਣ ਲਈ ਪਿੰਡਾਂ ਵਿੱਚੋਂ ਦੀ ਹੋ ਕੇ ਲੰਘਣਾ ਨਹੀਂ ਪਵੇਗਾ। 

ਇਸ ਦੌਰਾਨ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਹਮਣੇ ਸ਼ਹਿਰ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ ਗਿਆ, ਜਿਸ ’ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ। 

ਡਿਪਟੀ ਕਮਿਸ਼ਨਰ ਵੱਲੋਂ ਇਸ ਦੌਰਾਨ ਏਅਰਪੋਰਟ ਵਿਖੇ ਫਲਾਈਟਾਂ ਜਲਦ ਸ਼ੁਰੂ ਕਰਨ ਸਬੰਧੀ ਏਅਰਪੋਰਟ ਅਥਾਰਟੀ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਜੈ ਇੰਦਰ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਡਾਇਰੈਕਟਰ ਏਅਰਪੋਰਟ ਕਮਲਜੀਤ ਕੌਰ, ਐਕਸੀਅਨ ਪੀ.ਡਬਲਯੂ.ਡੀ. ਬੀ.ਐਸ. ਤੁਲੀ ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀ ਮੌਜੂਦ ਸਨ।

 

Related Articles

Leave a Reply

Your email address will not be published.

Back to top button